ਕਿਸਾਨਾਂ ਨੇ ਮਾਲ ਗੱਡੀਆਂ ਚੱਲਣ ਦੀ 5 ਨਵੰਬਰ ਤੱਕ ਦਿੱਤੀ ਆਗਿਆ

TeamGlobalPunjab
2 Min Read

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ ): ਪੰਜਾਬ ਦੀਆਂ ਤੀਹ ਕਿਸਾਨ ਜਥੇਬੰਦੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਨੂੰ ਮੰਨਦਿਆਂ ਰੇਲਵੇ ਟਰੈਕਾਂ ‘ਤੇ ਮਾਲ ਗੱਡੀਆਂ ਲੰਘਣ ਦੀ ਆਗਿਆ ਦੇ ਦਿੱਤੀ ਹੈ।ਕਿਸਾਨ ਭਵਨ ਵਿੱਚ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦਾ ਬਾਕੀ ਸੰਘਰਸ਼ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗਾ ਪਰ ਕੇਵਲ ਮਾਲ ਗੱਡੀਆਂ ਨੂੰ ਵੀ ਛੋਟ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਛੋਟ 5 ਨਵੰਬਰ ਤੱਕ ਜਾਰੀ ਰਹੇਗੀ। ਅਗਲਾ ਫੈਸਲਾ 4 ਨਵੰਬਰ ਨੂੰ ਹੋਣ ਵਾਲੀ ਮੀਟਿੰਗ ਵਿਚ ਲਿਆ ਜਾਵੇਗਾ।

ਕਿਸਾਨ ਆਗੂਆਂ ਨੂੰ ਇਹ ਵੀ ਕਿਹਾ ਕਿ ਜੇਕਰ ਮਾਲ ਗੱਡੀਆਂ ਵਿਚ ਰਿਲਾਇੰਸ ਜਾਂ ਅਡਾਨੀਆਂ ਦਾ ਕੋਈ ਸਮਾਨ ਹੋਇਆ ਤਾਂ ਉਨ੍ਹਾਂ ਗੱਡੀਆਂ ਨੂੰ ਵੀ ਰੋਕ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਡਾਨੀਆਂ ਦੇ ਜਾਂ ਰਿਲਾਇੰਸ ਨੇ ਸਟੋਰਾਂ ਤੇ ਸੈਲੋਜ਼ ਵਿਚ ਅਨਾਜ ਨਹੀਂ ਲਾਉਣ ਦਿੱਤਾ ਜਾਵੇਗਾ।

ਕਿਸਾਨ ਆਗੂਆਂ ਦੀ ਜਦੋਂ ਪ੍ਰੈੱਸ ਕਾਨਫਰੰਸ ਚੱਲ ਰਹੀ ਸੀ ਤਾਂ ਰਿਲਾਇੰਸ ਪੈਟਰੋਲ ਪੰਪ ਦੇ ਕੁਝ ਮਾਲਕਾਂ ਨੇ ਪ੍ਰੈਸ ਕਾਨਫਰੰਸ ਵਿਚ ਮੋਦੀ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਪ੍ਰੈਸ ਕਾਨਫਰੰਸ ਦਾ ਮਹੌਲ ਖਰਾਬ ਹੋ ਗਿਆ। ਕਿਸਾਨਾਂ ਨੇ ਪਹਿਲਾਂ ਮੀਟਿੰਗ ਵਿਚ ਫੈਸਲਾ ਕੀਤਾ ਸੀ ਕਿ ਰਿਲਾਂਇਸ ਦੇ ਉਨ੍ਹਾਂ ਪੈਟਰੋਲ ਪੰਪਾਂ ਤੋਂ ਧਰਨੇ ਚੁੱਕੇ ਜਾਣਗੇ ਜਿਨ੍ਹਾਂ ਨੂੰ ਵਿਅਕਤੀ ਨਿੱਜੀ ਤੌਰ ‘ਤੇ ਚਲਾ ਰਹੇ ਹਨ। ਪਰ ਰਿਲਾਂਇੰਸ ਪੈਟਰੋਲ ਪੰਪ ਮਾਲਕਾਂ ਵੱਲੋਂ ਪ੍ਰੈੱਸ ਕਾਨਫਰੰਸ ਦਾ ਮਾਹੌਲ ਖਰਾਬ ਕੀਤੇ ਜਾਣ ਕਾਰਨ ਕਿਸਾਨਾਂ ਨੇ ਇਹ ਫੈਸਲਾ ਅਮਲੀ ਤੌਰ ‘ਤੇ ਲਾਗੂ ਕਰਨ ਤੋਂ ਜੁਆਬ ਦਿੱਤਾ ਅਤੇ ਇਸ ਬਾਰੇ ਅਗਲੀ ਮੀਟਿੰਗ ਵਿੱਚ ਫ਼ੈਸਲਾ ਲਿਆ ਜਾਵੇਗਾ। ਬਾਅਦ ਵਿਚ ਪਟਰੋਲ ਪੰਪ ਮਾਲਕਾਂ ਨੇ ਪ੍ਰੈੱਸ ਕਾਨਫਰੰਸ ਦਾ ਮਹੌਲ ਖਰਾਬ ਕੀਤੇ ਜਾਣ ‘ਤੇ ਪਛਤਾਵਾ ਕੀਤਾ ਅਤੇ ਬਿਨਾਂ ਸ਼ਰਤ ਮੁਆਫ਼ੀ ਵੀ ਮੰਗੀ। ਰਿਲਾਇੰਸ ਦੇ ਪੈਟਰੋਲ ਪੰਪ ਮਾਲਕਾਂ ਨੇ ਕਿਹਾ ਕਿ ਉਹ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦੇ ਹਨ ਪਰ ਉਨ੍ਹਾਂ ਦੇ ਰੁਜ਼ਗਾਰ ਖੁਸਣ ਦੇ ਮੱਦੇ ਨਜ਼ਰ ਉਨ੍ਹਾਂ ਦੇ ਪੈਟਰੋਲ ਪੰਪਾਂ ਤੋਂ ਧਰਨੇ ਚੁੱਕੇ ਜਾਣ।

Share This Article
Leave a Comment