ਚੰਡੀਗੜ੍ਹ, (ਅਵਤਾਰ ਸਿੰਘ): ਗੁਰਕ੍ਰਿਪਾਲ ਸਿੰਘ ਮਾਨ ਨੇ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਇਕ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਮੋਹਾਲੀ ਸ਼ਹਿਰ ਦੇ ਬੁੱਧੀਜੀਵੀ ਅਤੇ ਸਾਫ਼ – ਸੁਥਰੀ ਛਵੀ ਵਾਲੇ ਸਿੱਖਿਅਤ ਵਰਗ ਦੇ ਨਾਗਰਿਕਾਂ ਨੂੰ ਆਪਣੇ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਨੇ ਮੋਹਾਲੀ ਨਗਰ ਨਿਗਮ ਚੋਣ ਲੜਨ ਲਈ ਪਾਰਟੀ ਦੇ 5 ਉਮੀਦਵਾਰਾਂ ਦਾ ਐਲਾਨ ਕੀਤਾ। ਇਨ੍ਹਾਂ ਵਿੱਚ ਵਾਰਡ ਨੰਬਰ ਚਾਰ ਤੋਂ ਅਮਰਜੀਤ ਸਿੰਘ ਵਾਲੀਆ, ਵਾਰਡ ਨੰਬਰ 20 ਤੋਂ ਹਰਪਾਲ ਸਿੰਘ, ਵਾਰਡ ਨੰਬਰ 36 ਵਲੋਂ ਬਲਵਿੰਦਰ ਸਿੰਘ ਬੱਲੀ, ਵਾਰਡ ਨੰਬਰ 50 ਤੋਂ ਗੁਰਬਖਸ਼ ਸਿੰਘ, ਵਾਰਡ ਨੰਬਰ 35 ਵਲੋਂ ਰਵਿੰਦਰ ਕੌਰ ਗਿੱਲ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਸ਼੍ਰੀ ਮਾਨ ਨੇ ਅੱਗੇ ਕਿਹਾ ਕਿ ਮੋਹਾਲੀ ਵਿੱਚ ਪ੍ਰਾਪਰਟੀ ਟੈਕਸ ਇੱਕ ਭਖਵਾਂ ਮੁੱਦਾ ਹੈ ਕਿਉਂਕਿ ਸਰਕਾਰ 7:50 ਫ਼ੀਸਦੀ ਦਾ ਟੈਕਸ ਤਾਂ ਲੈ ਰਹੀ ਹੈ ਪਰ ਸਹੂਲਤਾਂ ਦੇ ਨਾਮ ਉੱਤੇ ਟੂਟੀਆਂ ਸੜਕਾਂ ਅਤੇ ਗੋਬਰ ਹੀ ਹਰ ਜਗ੍ਹਾ ਮੋਹਾਲੀ ਵਾਸੀਆਂ ਦਾ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਪ੍ਰਾਪਰਟੀ ਟੈਕਸ ਚੰਡੀਗੜ੍ਹ ਦੀ ਤਰਜ਼ ਉੱਤੇ ਲੈਣਾ ਚਾਹੀਦਾ ਹੈ ਤਾਂ ਕਿ ਮੋਹਾਲੀ ਦੇ ਵਪਾਰੀ ਵਰਗ ਨੂੰ ਮਹਾਮਾਰੀ ਦੀ ਮਾਰ ਦੇ ਬਾਅਦ ਕੁੱਝ ਰਾਹਤ ਮਿਲੇ ਖਾਸਕਰ ਮੋਹਾਲੀ ਦੇ ਸਾਰੇ ਪਿੰਡ ਨੂੰ ਪ੍ਰੋਪਰਟੀ ਟੈਕਸਸੇ ਛੋਟ ਦਿੱਤੀ ਜਾਵੇ। ਇਸ ਮੌਕੇ ਵਿਨੋਦ ਪਾਠਕ, ਨਰਿੰਦਰ ਸਿੰਘ ਅਤੇ ਮਲਕੀਤ ਸਿੰਘ ਹਾਜ਼ਿਰ ਸਨ। ਰਾਜਨੀਤਕ ਵਿੰਗ ਦੇ ਬੁਲਾਰੇ ਅਮਰਜੀਤ ਸਿੰਘ ਵਾਲੀਆ ਨੇ ਆਪਣੇ ਸਮਰਥਕਾਂ ਸਣੇ ਪਾਰਟੀ ਦੇ ਬੈਨਰ ਹੇਠ ਮੋਹਾਲੀ ਨਗਰ ਨਿਗਮ ਚੋਣ ਲੜਨ ਦਾ ਐਲਾਨ ਕੀਤਾ।
ਪਾਰਟੀ ਪ੍ਰਧਾਨ ਗੁਰਕਿਰਪਾਲ ਸਿੰਘ ਮਾਨ ਨੇ ਅਗੇ ਕਿਹਾ ਕਿ ਵੱਖ – ਵੱਖ ਰਾਜਨੀਤਕ ਪਾਰਟੀਆਂ ਆਪਣੇ ਕਾਰਜ ਕਾਲ ਦੌਰਾਨ ਚਾਰ ਸਾਲਾਂ ਤੱਕ ਲੋਕਾਂ ਦੀ ਲੁੱਟ- ਖਸੁੱਟ ਕਰਦੇ ਰਹਿੰਦੇ ਹਨ ਅਤੇ ਅੰਤਮ ਸਾਲ ਵਿੱਚ ਕੁਝ ਮੰਗਾਂ ਪੂਰੀਆਂ ਕਰ ਕੇ ਨਵੇਂ ਵਾਅਦੇ ਕਰ ਕੇ ਫਿਰ ਤੋਂ ਵੋਟਾਂ ਲੈ ਜਾਂਦੇ ਹਨ। ਇਹ ਪਾਰਟੀਆਂ ਕਿਸਾਨ, ਛੋਟੇ ਵਪਾਰੀ, ਨੌਜਵਾਨ ਵਰਗ ਸਣੇ ਸਮਾਜ ਦੇ ਹਰ ਇੱਕ ਵਰਗ ਦਾ ਨੁਕਸਾਨ ਕਰਦੀਆਂ ਹਨ। ਉਨ੍ਹਾਂਨੇ ਅੱਗੇ ਕਿਹਾ ਕਿ ਸਾਡਾ ਮਕਸਦ ਸਾਫ਼ ਸੁਥਰੀ ਛਵੀ ਵਾਲੇ, ਪੜੇ ਲਿਖੇ ਸਫਲ ਨਾਗਰਿਕਾਂ ਨੂੰ ਅੱਗੇ ਲਿਆਉਣ ਦਾ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਨਗਰ ਨਿਗਮ ਮੋਹਾਲੀ ਦੀ ਚੋਣ ਲਈ ਫਿਲਹਾਲ 10 ਉਮੀਦਵਾਰ ਤਿਆਰ ਕੀਤੇ ਗਏ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਉਮੀਦਵਾਰ ਵੀ ਤਿਆਰ ਕੀਤੇ ਜਾਣਗੇ। ਪਾਰਟੀ ਸਾਰੀਆਂ ਸੀਟਾਂ ਉਪਰ ਚੋਣ ਲੜੇਗੀ।