ਚੰਡੀਗੜ੍ਹ: ਪੰਜਾਬ ਵਿੱਚ ਜਲੰਧਰ ਅਤੇ ਫ਼ਰੀਦਕੋਟ ਤੋਂ ਇੱਕ-ਇੱਕ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੂਬੇ ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 101 ਹੋ ਗਈ ਹੈ।
ਜਲੰਧਰ ‘ਚ ਬੀਤੇ ਦਿਨੀਂ ਪਾਜ਼ੀਟਿਵ ਆਈ ਮਹਿਲਾ ਦੇ ਬੇਟੇ ਦੇ ਭੇਜੇ ਗਏ ਸੈਂਪਲ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਅਧਿਕਾਰੀਆਂ ਅਨੁਸਾਰ ਲੜਕੇ ਨੂੰ ਸਾਹ ਲੈਣ ਵਿਚ ਤਕਲੀਫ਼ ਹੋਣ ਕਰਕੇ ਉਸ ਦੇ ਸੈਂਪਲ ਲੈ ਕੇ ਭੇਜੇ ਗਏ ਸਨ। ਇਸ ਤਰ੍ਹਾਂ ਹੁਣ ਜਲੰਧਰ ਜ਼ਿਲ੍ਹੇ ਵਿਚ ਕੋਰੋਨਾਵਾਇਰਸ ਪੀੜਤ ਮਰੀਜ਼ਾਂ ਦੀ ਗਿਣਤੀ 7 ਹੋ ਗਈ ਹੈ।
ਉੱਥੇ ਹੀ ਫ਼ਰੀਦਕੋਟ ਸ਼ਹਿਰ ਵਿਚ ਕੋਰੋਨਾਵਾਇਰਸ ਦਾ ਦੂਸਰਾ ਮਾਮਲਾ ਸਾਹਮਣੇ ਆਇਆ ਹੈ। ਸਬੰਧਿਤ ਪੀੜਤ ਪਹਿਲੇ ਕੋਰੋਨਾਵਾਇਰਸ ਕੇਸ ਦੇ ਸੰਪਰਕ ਵਿਚ ਸੀ।
ਦੱਸ ਦਈਏ ਬੀਤੇ ਦਿਨੀਂ ਇਕ ਹੀ ਦਿਨ ਵਿਚ 20 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਸਨ। ਇਸ ਦੇ ਨਾਲ ਹੀ ਸੂਬੇ ਵਿਚ ਕੁਲ ਪੀੜਤ ਲੋਕਾਂ ਦੀ ਗਿਣਤੀ 99 ਹੋ ਗਈ ਸੀ ਤੇ ਅੱਜ ਦੋ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਇਹ ਅੰਕੜਾ ਵਧ ਕੇ 101 ਹੋ ਗਿਆ ਹੈ। ਇਨ੍ਹਾਂ ਵਿਚੋਂ 14 ਠੀਕ ਹੋ ਗਏ ਹਨ। ਠੀਕ ਹੋਏ ਮਰੀਜ਼ਾਂ ਵਿਚ ਸਭ ਤੋਂ ਜ਼ਿਆਦਾ ਅੱਠ ਨਵਾਂਸ਼ਹਿਰ ਤੋਂ ਹਨ। ਉੱਥੇ ਹੀ ਹੁਣ ਤੱਕ ਸਭ ਤੋਂ ਜ਼ਿਆਦਾ ਹੁਣ ਤੱਕ 26 ਮਾਮਲੇ ਮੁਹਾਲੀ ਤੋਂ ਸਾਹਮਣੇ ਆਏ ਹਨ। ਹੁਣ ਤਕ ਅੱਠ ਇਨਫੈਕਟਿਡ ਲੋਕਾਂ ਦੀ ਮੌਤ ਹੋ ਚੁੱਕੀ ਹੈ।