ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਸੰਕਰਮਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ । ਬੁੱਧਵਾਰ ਸਵੇਰੇ ਪਟਿਆਲਾ ਵਿੱਚ ਇੱਕ ਹੋਰ ਕੋਰੋਨਾ ਦੇ ਪਾਜ਼ਿਟਿਵ ਮਰੀਜ਼ ਦੀ ਪੁਸ਼ਟੀ ਹੋਈ ਹੈ। ਇਸਦੇ ਨਾਲ ਹੀ ਸੂਬੇ ਵਿੱਚ ਹੁਣ ਤੱਕ ਸਾਹਮਣੇ ਆਏ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 186 ਹੋ ਗਈ ਹੈ। ਇਸਦੇ ਨਾਲ ਹੀ ਹਾਟ ਸਪਾਟ ਬਣੇ ਮੋਹਾਲੀ ਅਤੇ ਜਲੰਧਰ ਵਿੱਚ ਰੈਪਿਡ ਟੈਸਟਿੰਗ ਸ਼ੁਰੂ ਹੋ ਗਈ ਹੈ।
ਪਟਿਆਲਾ ਵਿੱਚ ਕੋਰੋਨਾ ਦੇ ਇਹ ਤੀਜੇ ਮਾਮਲੇ ਦੀ ਪੁਸ਼ਟੀ ਹੋਈ ਹੈ। ਦੂਜੇ ਪਾਸੇ ਹੁਣ ਤੱਕ ਕੋਰੋਨਾ ਵਾਇਰਸ ਦੇ ਸੰਕਰਮਣ ਤੋਂ ਬਚੇ ਗੁਰਦਾਸਪੁਰ ਜਿਲ੍ਹੇ ਵਿੱਚ ਵੀ ਪਾਜ਼ਿਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਕਾਹਨੂਵਾਨ ਬਲਾਕ ਦੇ ਪਿੰਡ ਭੈਣੀ ਪਸਵਾਲ ਵਿੱਚ ਮੰਗਲਵਾਰ ਨੂੰ ਇੱਕ ਸਾਬਕਾ ਅਧਿਆਪਕ ਦੀ ਰਿਪੋਰਟ ਪਾਜ਼ਿਟਿਵ ਆਈ ਸੀ। ਉਥੇ ਹੀ ਮੁਹਾਲੀ ਦੇ ਖਰੜ ਅਤੇ ਡੇਰਾਬੱਸੀ ਵਿੱਚ ਦੋ ਔਰਤਾਂ ਪਾਜ਼ਿਟਿਵ ਪਾਈਆਂ ਗਈਆਂ। ਇਨ੍ਹਾਂ ‘ਚੋਂ ਇੱਕ ਮਹਿਲਾ ਡੇਰਾਬੱਸੀ ਦੇ ਪਿੰਡ ਜਵਾਹਰਪੁਰ ਦੀ ਹੈ।
ਉੱਥੇ ਹੀ ਮੁਹਾਲੀ ਜਿਲ੍ਹੇ ਵਿੱਚ ਕੁੱਲ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 56 ਹੋ ਗਈ ਹੈ, ਜੋ ਸੂਬੇ ਵਿੱਚ ਸਭ ਤੋਂ ਜ਼ਿਆਦਾ ਹੈ। ਉੱਥੇ ਹੀ, ਜਲੰਧਰ ਵਿੱਚ ਇੱਕ 70 ਸਾਲ ਦਾ ਬਜ਼ੁਰਗ ਵੀ ਸੰਕਰਮਿਤ ਹੋ ਗਿਆ ਹੈ ਜਦਕਿ ਸੰਗਰੂਰ ਦੇ ਮਾਲਰੇਕੋਟਲਾ ਵਿੱਚ ਜਮਾਤੀ ਦੇ ਸੰਪਰਕ ਵਿੱਚ ਆਇਆ 25 ਸਾਲ ਦਾ ਨੌਜਵਾਨ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਹੈ।