ਜਲੰਧਰ: ਫੌਰਨ ਐਕਸਚੇਂਜ ਮੈਨੇਜਮੈਂਟ ਐਕਟ (ਫੇਮਾ) ਤਹਿਤ ਅੱਜ ਮੁੱਖ ਮੰਤਰੀ ਦੇ ਪੁੱਤਰ ਰਣਇੰਦਰ ਸਿੰਘ ਨੂੰ ਈਡੀ ਨੇ ਜਲੰਧਰ ‘ਚ ਤਲਬ ਕੀਤਾ ਗਿਆ ਸੀ। ਪਰ ਰਣਇੰਦਰ ਸਿੰਘ ਅੱਜ ਇਨਫ਼ੋਰਸਮੈਂਟ ਡਾਇਰੈਕਟੋਰੇਟ ਸਾਹਮਣੇ ਪੇਸ਼ ਨਹੀਂ ਹੋਏ। ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਫੇਮਾ ਤਹਿਤ ਰਣਇੰਦਰ ਸਿੰਘ ਨੂੰ ਜਲੰਧਰ ਦਫ਼ਤਰ ‘ਚ ਸਵੇਰੇ 10 ਵਜੇ ਹਾਜ਼ਰ ਹੋਣ ਲਈ ਕਿਹਾ ਸੀ।
ਈਡੀ ਸਾਹਮਣੇ ਪੇਸ਼ ਨਾ ਹੋਣ ਦੀ ਜਾਣਕਾਰੀ ਰਣਇੰਦਰ ਸਿੰਘ ਦੇ ਵਕੀਲ ਅਤੇ ਕਾਂਗਰਸ ਦੇ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਦਿੱਤੀ। ਜੈਵੀਰ ਸ਼ੇਰਗਿੱਲ ਨੇ ਦੱਸਿਆ ਕਿ ਰਣਇੰਦਰ ਸਿੰਘ ਓਲੰਪਿਕ 2021 ਖੇਡਾਂ ਦੇ ਮਾਮਲੇ ‘ਚ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਕੋਲ ਪੇਸ਼ ਹੋਏ ਨੇ ਇਸ ਲਈ ਉਹ ਅੱਜ ਈਡੀ ਸਾਹਮਣੇ ਹਾਜ਼ਰ ਨਹੀਂ ਹੋ ਸਕੇ।
ਰਣਇੰਦਰ ਸਿੰਘ ਵਿਰੁੱਧ ਫੌਰਨ ਐਕਸਚੇਂਜ ਮੈਨੇਜਮੈਂਟ ਐਕਟ (ਫੇਮਾ) ਤਹਿਤ ਕੇਸ ਚੱਲ ਰਿਹਾ ਹੈ। ਈਡੀ ਨੇ ਸਵਿਟਜ਼ਰਲੈਂਡ ਨੂੰ ਕਥਿਤ ਤੌਰ ‘ਤੇ ਭੇਜੇ ਗਏ ਫੰਡ ਅਤੇ ਜਕਰਾਂਦਾ ਟਰੱਸਟ ਬਣਾਉਣ ਅਤੇ ਬ੍ਰਿਟਿਸ਼ ਵਰਜ਼ਨ ਆਈਲੈਂਡ ‘ਚ ਪੈਸੇ ਦਾ ਕਥਿਤ ਤੌਰ ‘ਤੇ ਲੈਣ-ਦੇਣ ਕਰਨ ਵਾਸਤੇ ਪੁੱਛ ਪੜਤਾਲ ਕੀਤੀ ਸੀ। ਇਸ ਮਾਮਲੇ ਵਿੱਚ ਇਨਕਮ ਟੈਕਸ ਵਿਭਾਗ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਈਡੀ ਨੇ ਰਣਇੰਦਰ ਸਿੰਘ ਨੂੰ ਚਾਰ ਸਾਲ ਪਹਿਲਾਂ ਸਾਲ 2016 ‘ਚ ਵੀ ਤਲਬ ਕੀਤਾ ਸੀ। ਉਦੋਂ ਰਣਇੰਦਰ ਸਿੰਘ ਤੋਂ ਕਰੀਬ ਚਾਰ ਘੰਟੇ ਪੁੱਛਗਿੱਛ ਕੀਤੀ ਗਈ ਸੀ।