ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਤੋਂ ਮੰਗ ਕੀਤੀ ਹੈ ਕਿ ਯੂ.ਕੇ. ਤੋਂ ਮਹਾਨ ਸ਼ਹੀਦ ਊਧਮ ਸਿੰਘ ਦੀਆਂ ਨਿੱਜੀ ਚੀਜ਼ਾਂ ਜਿਨਾਂ ਵਿਚ ਉਨਾਂ ਦੀ ਪਿਸਤੌਲ ਅਤੇ ਨਿੱਜੀ ਡਾਇਰੀ ਸ਼ਾਮਲ ਹੈ, ਵਾਪਸ ਲਿਆਉਣ ਲਈ ਯੂ.ਕੇ. ਦੀ ਸਰਕਾਰ ਨਾਲ ਗੱਲਬਾਤ ਕੀਤੀ ਜਾਵੇ।
Have written to Union External Affairs Minister @DrSJaishankar to impress upon the Government of UK for bringing back our great martyr Shaheed Udham Singh Ji’s personal effects, especially his diary and the pistol with which he had avenged the Jallianwala Bagh injustice. pic.twitter.com/Pv5GXB49uS
— Capt.Amarinder Singh (@capt_amarinder) August 25, 2021
ਕੇਂਦਰੀ ਮੰਤਰੀ ਨੂੰ ਲਿਖੇ ਆਪਣੇ ਪੱਤਰ ਵਿਚ ਮੁੱਖ ਮੰਤਰੀ ਨੇ ਉਨਾਂ ਨੂੰ ਇਹ ਅਪੀਲ ਕੀਤੀ ਹੈ ਕਿ ਇਹ ਮੁੱਦਾ ਯੂ.ਕੇ. ਦੀ ਸਰਕਾਰ ਕੋਲ ਚੁੱਕਿਆ ਜਾਵੇ ਤਾਂ ਜੋ ਆਜ਼ਾਦੀ ਦੀ 75ਵੀਂ ਵਰੇਗੰਢ ਮਨਾ ਰਿਹਾ ਭਾਰਤ ਇਸ ਸ਼ਹੀਦ ਅਤੇ ਮਹਾਨ ਦੇਸ਼ ਭਗਤ ਨੂੰ ਆਪਣੀ ਸ਼ਰਧਾਂਜਲੀ ਦੇ ਸਕੇ।
ਪੱਤਰ ਵਿਚ ਮੁੱਖ ਮੰਤਰੀ ਨੇ ਅੱਗੇ ਲਿਖਿਆ ਹੈ, ‘‘ਤੁਹਾਨੂੰ ਪਤਾ ਹੋਵੇਗਾ ਕਿ ਇਸੇ ਪਿਸਤੌਲ ਨਾਲ ਸ਼ਹੀਦ ਊਧਮ ਸਿੰਘ ਨੇ ਜਲਿਆਂਵਾਲਾ ਬਾਗ ਵਿਖੇ, ਜਿੱਥੇ ਕਿ ਉਸ ਸਮੇਂ ਦੇ ਪੰਜਾਬ ਦੇ ਲੈਫਟੀਨੈਂਟ ਗਵਰਨਰ ਮਾਈਕਲ ਓ’ਡਵਾਇਰ ਦੇ ਹੁਕਮਾਂ ਨਾਲ ਸੈਂਕੜਿਆਂ ਹੀ ਨਿਹੱਥੇ ਅਤੇ ਮਾਸੂਮ ਭਾਰਤੀਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ, ਬ੍ਰਿਟਿਸ਼ ਹਕੂਮਤ ਦੁਆਰਾ ਕੀਤੀ ਗਈ ਘਿਨਾਉਣੀ ਕਾਰਵਾਈ ਦਾ ਬਦਲਾ ਲਿਆ ਸੀ। ਇਹ ਓਹੀ ਪਿਸਤੌਲ ਹੈ ਜਿਸ ਨਾਲ ਸ਼ਹੀਦ ਊਧਮ ਸਿੰਘ ਨੇ ਲੰਡਨ ਦੇ ਕੈਕਸਟਨ ਹਾਲ ਵਿਖੇ ਮਾਈਕਲ ਓ’ਡਵਾਇਰ ਨੂੰ ਮਾਰਿਆ ਸੀ।’’
ਮੁੱਖ ਮੰਤਰੀ ਨੇ ਅੱਗੇ ਕਿਹਾ, ‘‘ਇਹ ਵੀ ਪਤਾ ਲੱਗਾ ਹੈ ਕਿ ਸ਼ਹੀਦ ਊਧਮ ਸਿੰਘ ਇੱਕ ਨਿੱਜੀ ਡਾਇਰੀ ਵੀ ਰੱਖਦੇ ਸਨ ਜਿਸ ਨੂੰ ਕਿ ਭਾਰਤ ਵਾਪਸ ਲਿਆਂਦਾ ਜਾਣਾ ਬਹੁਤ ਜ਼ਰੂਰੀ ਹੈ ਤਾਂ ਜੋ ਦੇਸ਼ ਦੇ ਲੋਕ ਇਸ ਤੋਂ ਪ੍ਰੇਰਣਾ ਲੈ ਸਕਣ।’’