ਮੁੱਖ ਮੰਤਰੀ ਵੱਲੋਂ ਉੱਘੇ ਬਾਲੀਵੁੱਡ ਅਦਾਕਾਰ ਦਿਲੀਪ ਕੁਮਾਰ ਦੇ ਫੌਤ ਹੋ ਜਾਣ ’ਤੇ ਦੁੱਖ ਦਾ ਪ੍ਰਗਟਾਵਾ

TeamGlobalPunjab
2 Min Read

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਿੰਦੀ ਸਿਨੇਮਾ ਦੇ ਪ੍ਰਸਿੱਧ ਅਦਾਕਾਰ ਦਿਲੀਪ ਕੁਮਾਰ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜੋ ਲੰਮੀ ਬਿਮਾਰੀ ਉਪਰੰਤ ਅੱਜ ਸਵੇਰੇ ਮੁਬੰਈ ਵਿਖੇ ਚੱਲ ਵਸੇ। ਉਹ ਆਪਣੇ ਪਿੱਛੇ ਪਤਨੀ ਅਦਾਕਾਰਾ ਸਾਇਰਾ ਬਾਨੋ ਛੱਡ ਗਏ ਹਨ।

ਇਕ ਸ਼ੋਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਦਿਲੀਪ ਕੁਮਾਰ ਨੂੰ ਹਿੰਦੀ ਸਿਨੇਮਾ ਦਾ ਮਹਾਂਨਾਇਕ ਕਰਾਰ ਦਿੱਤਾ ਜੋ ਦੇਸ਼ ਵਿਚ ਹੀ ਨਹੀਂ ਸਗੋਂ ਵਿਸ਼ਵ ਭਰ ਵਿਚ ਲੱਖਾਂ ਲੋਕਾਂ ਦੇ ਦਿਲਾਂ ਦੀ ਧੜਕਨ ਹਨ। ਬਾਲੀਵੁੱਡ ਵਿਚ ਉਨ੍ਹਾਂ ਦੇ ਅਥਾਹ ਯੋਗਦਾਨ ਨੂੰ ਹਮੇਸ਼ਾ ਚੇਤੇ ਰੱਖਿਆ ਜਾਵੇਗਾ ਅਤੇ ਭਾਰਤੀ ਫਿਲਮ ਜਗਤ ਦੇ ਉੱਭਰਦੇ ਅਦਾਕਾਰਾਂ ਨੂੰ ਸਦਾ ਹੀ ਪ੍ਰਰਿਤ ਕਰਦੇ ਰਹਿਣਗੇ। ਮੁੱਖ ਮੰਤਰੀ ਨੇ ਕਿਹਾ, “ਨਾਮਵਰ ਅਦਾਕਾਰ ਦਿਲੀਪ ਕੁਮਾਰ ਦੇ ਫੌਤ ਹੋ ਜਾਣ ਨਾਲ ਅਜਿਹਾ ਖਲਾਅ ਪੈਦਾ ਹੋ ਗਿਆ ਜਿਸ ਨੂੰ ਪੂਰਨਾ ਬਹੁਤ ਮੁਸ਼ਕਲ ਹੈ।”

ਦੁਖੀ ਪਰਿਵਾਰ ਦੇ ਮੈਂਬਰਾਂ, ਸਾਕ-ਸਬੰਧੀਆਂ ਅਤੇ ਪ੍ਰਸੰਸਕਾਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਅਕਾਲ ਪੁਰਖ ਅੱਗੇ ਵਿਛੜੀ ਰੂਹ ਦੀ ਸ਼ਾਂਤੀ ਅਤੇ ਉਨ੍ਹਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ।

ਜ਼ਿਕਰਯੋਗ ਹੈ ਕਿ ਦਿਲੀਪ ਕੁਮਾਰ ਨੇ ਨਯਾ ਦੌਰ, ਮੁਗਲ-ਏ-ਆਜ਼ਮ, ਰਾਮ ਔਰ ਸ਼ਾਮ, ਦੇਵਦਾਸ, ਸੌਦਾਗਰ, ਕਰਮਾ ਅਤੇ ਸ਼ਕਤੀ ਵਰਗੀਆਂ ਯਾਦਗਾਰੀ ਫਿਲਮਾਂ ਕੀਤੀਆਂ ਜਿਨ੍ਹਾਂ ਦੀ ਭਾਰਤੀ ਸਿਨੇਮਾ ਉਤੇ ਗਹਿਰੀ ਛਾਪ ਹੈ।

Share This Article
Leave a Comment