ਕੈਪਟਨ ਵੱਲੋਂ ਜੈਨਅਚਾਰੀਆ ਸ੍ਰੀ ਵਿਜੇ ਵੱਲਭ ਸੁਰਿਸ਼ਵਰ ਜੀ ਦੇ 151ਵੇਂ ਜਨਮ ਵਰ੍ਹੇਗੰਢ ਦੀ ਵਧਾਈ

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਜੈਨਅਚਾਰੀਆ ਵਿਜੇ ਵੱਲਭ ਸੁਰਿਸ਼ਵਰ ਜੀ ਦੇ 151ਵੇਂ ਜਨਮ ਵਰ੍ਹੇਗੰਢ ਦੀ ਵਧਾਈ ਦਿੱਤੀ ਹੈ।

ਆਪਣੇ ਵਧਾਈ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਜੈਨਅਚਾਰੀਆ ਵਿਜੇ ਵੱਲਭ ਸੁਰਿਸ਼ਵਰ ਜੀ ਨੂੰ 1870-1954 ਈਸਵੀ ਸਮੇਂ ਦਾ ਸਭ ਤੋਂ ਵੱਧ ਗਿਆਨਵਾਨ ਸੰਤ ਦੱਸਿਆ। ਉਨ੍ਹਾਂ ਲੋਕਾਂ ਨੂੰ ਜੈਨ ਸੰਤ ਜੀ ਦੇ ਨਕਸ਼ੇ ਕਦਮਾਂ ਉਤੇ ਚੱਲਣ ਦਾ ਸੱਦਾ ਦਿੱਤਾ ਜਿਨ੍ਹਾਂ ਭਗਵਾਨ ਮਹਾਂਵੀਰ ਦੇ ਅਹਿੰਸਾ ਅਤੇ ਵਿਸ਼ਵ ਵਿਆਪੀ ਸ਼ਾਂਤੀ ਦੇ ਸੁਨੇਹੇ ਨੂੰ ਅੱਗੇ ਵਧਾਉਣ ਲਈ ਅਣਥੱਕ ਯਤਨ ਕੀਤੇ।

ਦੇਸ਼ ਦੇ ਕੋਨੇ-ਕੋਨੇ ਵਿੱਚ ਵਿਦਿਆ ਦੇ ਪ੍ਰਚਾਰ ਤੇ ਪ੍ਰਸਾਰ ਲਈ ਜੈਨਅਚਾਰੀਆ ਸੁਰਿਸ਼ਵਰ ਜੀ ਦੇ ਯੋਗਦਾਨ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਉਨ੍ਹਾਂ ਦੀਆਂ ਸਮਾਜ ਸੁਧਾਰਕ ਕੋਸ਼ਿਸ਼ਾਂ ਦਾ ਬਹੁਤ ਲਾਭ ਹੋਇਆ। ਉਨ੍ਹਾਂ ਕਿਹਾ ਕਿ 100 ਸਾਲ ਪਹਿਲਾਂ ਗੁਜਰਾਂਵਾਲਾ ਵਿਖੇ ਗੁਰੂਕੁਲ ਸਥਾਪਤ ਕੀਤਾ ਗਿਆ ਅਤੇ ਲੁਧਿਆਣਾ, ਹੁਸ਼ਿਆਰਪੁਰ, ਮਾਲੇਰਕੋਟਲਾ, ਜ਼ੀਰਾ, ਜੰਡਿਆਲਾ ਗੁਰੂ, ਨਕੋਦਰ, ਸੁਨਾਮ ਤੇ ਫਾਜ਼ਿਲਕਾ ਵਿਖੇ ਕਈ ਕਾਲਜ ਤੇ ਸਕੂਲ ਖੋਲ੍ਹੇ ਗਏ ਜੋ ਸਿੱਖਿਆ ਦੇ ਖੇਤਰ ਵਿੱਚ ਸੰਤ ਜੀ ਦੀ ਦੂਰਅੰਦੇਸ਼ੀ ਦੀ ਗਵਾਹੀ ਭਰਦੇ ਹਨ।

ਸੰਤ ਜੀ ਨੂੰ ਮਹਾਨ ਸਮਾਜ ਸੁਧਾਰਕ ਦੱਸਦਿਆਂ ਮੁੱਖ ਮੰਤਰੀ ਨੇ ਜੈਨਅਚਾਰੀਆ ਵਿਜੇ ਵੱਲਭ ਸੁਰਿਸ਼ਵਰ ਜੀ ਦੇ 150ਵੇਂ ਜਨਮ ਵਰ੍ਹੇਗੰਢ ‘ਤੇ ਸਾਲ ਭਰ ਚੱਲੇ ਸ਼ਰਦ ਜਨਮ ਸ਼ਤਾਬਦੀ ਦੇ ਸਮਾਪਨ ਮੌਕੇ ਸਾਰਿਆਂ ਨੂੰ ਉਨ੍ਹਾਂ ਦੀਆਂ ਸ਼ਾਂਤੀ, ਸਦਭਾਵਨਾ, ਦਇਆ ਅਤੇ ਆਪਸੀ ਭਾਈਚਾਰੇ ਦੀਆਂ ਸਿੱਖਿਆਵਾਂ ਉਤੇ ਚੱਲਣ ਦਾ ਸੱਦਾ ਦਿੱਤਾ।

Share This Article
Leave a Comment