ਚੰਡੀਗੜ੍ਹ: ਮੁੱਖ ਚੋਣ ਅਧਿਕਾਰੀ, ਪੰਜਾਬ ਵਲੋਂ ਚੋਣ ਪ੍ਰਕਿਰਿਆ ਵਿੱਚ ਅਧਿਆਪਕਾਂ ਵਲੋਂ ਨਿਭਾਈ ਜਾਂਦੀ ਅਹਿਮ ਭੂਮਿਕਾ ਦੇ ਸਨਮਾਨ ਵਿੱਚ ਅੱਜ ਅਧਿਆਪਕ ਦਿਵਸ ਬੜੇ ਵਿਲੱਖਣ ਢੰਗ ਨਾਲ ਮਨਾਇਆ ਗਿਆ।
ਇਸ ਮੌਕੇ ਦੁਪਹਿਰ 12.00 ਵਜੇ ਇੱਕ ਫੇਸਬੁੱਕ ਲਾਈਵ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਨੂੰ ਸਮੁੱਚੇ ਅਧਿਆਪਕ ਭਾਈਚਾਰੇ, ਚੋਣ ਤਹਿਸੀਲਦਾਰਾਂ, ਚੋਣ ਕਾਨੂੰਨਗੋਆਂ ਅਤੇ ਜ਼ਿਲ੍ਹਾ ਸਵੀਪ ਨੋਡਲ ਅਫ਼ਸਰਾਂ ਸਮੇਤ ਚੋਣ ਅਧਿਕਾਰੀਆਂ ਨੇ ਵਿਆਪਕ ਰੂਪ ਦੇਖਿਆ।
ਇਸ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਮੁੱਖ ਚੋਣ ਅਧਿਕਾਰੀ, ਪੰਜਾਬ ਡਾ. ਐਸ. ਕਰੁਣਾ ਰਾਜੂ, ਆਈ.ਏ.ਐੱਸ. ਨੇ ਅਧਿਆਪਕ ਭਾਈਚਾਰੇ ਅਤੇ ਸਿੱਖਿਆ ਵਿਭਾਗ, ਸਕੂਲਾਂ, ਕਾਲਜਾਂ, ਤਕਨੀਕੀ ਸੰਸਥਾਵਾਂ, ਜੋ ਹਮੇਸ਼ਾ ਚੋਣ ਟੀਮ ਦਾ ਹਿੱਸਾ ਹੁੰਦੀਆਂ ਹਨ, ਨੂੰ ਵਧਾਈ ਦਿੱਤੀ ਅਤੇ ਜ਼ਿਲ੍ਹਾ ਪੱਧਰ ਤੇ ਰਾਜ ਪੱਧਰ ਦੇ ਲੇਖ ਮੁਕਾਬਲਿਆਂ ਦੇ ਜੇਤੂਆਂ ਦਾ ਐਲਾਨ ਕੀਤਾ। ਇਹ ਲੇਖ ਮੁਕਾਬਲਾ ਸਾਰੇ 22 ਜ਼ਿਲ੍ਹਿਆਂ ਦੇ ਅਧਿਆਪਕਾਂ ਲਈ ਤਿੰਨ ਵਿਸ਼ਿਆਂ : ਚੋਣ ਤਜ਼ੁਰਬੇ ਸਾਂਝੇ ਕਰਨ, ਕੋਵਿਡ -19 ਦੌਰਾਨ ਚੋਣ ਡਿਊਟੀ ਦੀਆਂ ਚੁਣੌਤੀਆਂ ਅਤੇ ਚੋਣਾਂ ਡਿਊਟੀ ਨੂੰ ਸੁਖਾਲਾ ਬਣਾਉਣ ਸਬੰਧੀ ਸੁਝਾਅ ਉੱਤੇ ਅਧਾਰਤ ਸੀ । ਜ਼ਿਲ੍ਹਾ ਪੱਧਰ ‘ਤੇ ਕੁੱਲ 646 ਐਂਟਰੀਆਂ ਪ੍ਰਾਪਤ ਹੋਈਆਂ। ਸਾਰੇ 22 ਜ਼ਿਲ੍ਹਿਆਂ ਦੀਆਂ ਸਰਬੋਤਮ ਐਂਟਰੀਆਂ ਵਿਚੋਂ ਪਹਿਲੀਆਂ 3 ਐਂਟਰੀਆਂ ਨੂੰ ਰਾਜ ਪੱਧਰ ‘ਤੇ ਨਕਦ ਇਨਾਮ ਸਮੇਤ ਸਰਟੀਫਿਕੇਟ ਦੇਣ ਲਈ ਚੁਣਿਆ ਗਿਆ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਲ ਸਰਾਏ, ਜ਼ਿਲ੍ਹਾ ਅੰਮ੍ਰਿਤਸਰ ਦੇ ਲਖਵਿੰਦਰ ਸਿੰਘ ਨੇ ਲੇਖ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਸਰਾਲਾ, ਜ਼ਿਲ੍ਹਾ ਹੁਸ਼ਿਆਰਪੁਰ ਦੇ ਜਸਵੰਤ ਰਾਏ ਨੇ ਦੂਸਰਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਬਾਘਾ, ਜ਼ਿਲ੍ਹਾ ਮਾਨਸਾ ਦੇ ਨਰਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।
ਇਸ ਤੋਂ ਇਲਾਵਾ ਸਰਕਾਰੀ ਪੋਲੀਟੈਕਨਿਕ ਕਾਲਜ ਫਾਰ ਗਰਲਜ਼, ਜ਼ਿਲ੍ਹਾ ਪਟਿਆਲਾ ਦੇ ਲੈਕਚਰਾਰ ਗੁਰਬਖਸ਼ੀਸ਼ ਸਿੰਘ ਨੇ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਵਿਚੋਂ ਸਰਬੋਤਮ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਵਧੀਕ ਮੁੱਖ ਚੋਣ ਅਧਿਕਾਰੀ, ਪੰਜਾਬ ਮਾਧਵੀ ਕਟਾਰੀਆ, ਆਈ.ਏ.ਐੱਸ. ਨੇ ਅਧਿਆਪਕ ਭਾਈਚਾਰੇ ਦਾ ਸਾਡੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਣ ‘ਤੇ ਤਹਿ ਦਿਲੋਂ ਧੰਨਵਾਦ ਕੀਤਾ।