ਚੰਡੀਗੜ੍ਹ: ਅੱਜ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਨਿੰਦਾ ਮਤਾ ਪਾਸ ਕੀਤਾ ਗਿਆ ਹੈ। ਪੰਜਾਬ ਵਿਧਾਨ ਸਭਾ ਵਿੱਚ LOP ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੀਚੇਵਾਲ ਮਾਡਲ ਬਾਰੇ ਦਿੱਤੇ ਗਏ ਬਿਆਨ ਕਾਰਨ ਸਦਨ ਵਿੱਚ ਮਾਹੌਲ ਫਿਰ ਗਰਮਾ ਗਿਆ। ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਬਾਜਵਾ ਤੋਂ ਆਪਣੇ ਬਿਆਨ ਲਈ ਮੁਆਫੀ ਮੰਗਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਕੀ ਇਹ ਬਿਆਨ ਸਮੁੱਚੀ ਕਾਂਗਰਸ ਦਾ ਹੈ ਜਾਂ ਕੇਵਲ ਪ੍ਰਤਾਪ ਸਿੰਘ ਬਾਜਵਾ ਦੇ ਨਿੱਜੀ ਵਿਚਾਰ ਹਨ? ‘
ਅੱਜ ਜਿਵੇਂ ਹੀ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਇਆ ਤਾਂ ਆਮ ਆਦਮੀ ਪਾਰਟੀ ਦੀ ਨਕੋਦਰ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਮੁੱਦਾ ਚੁੱਕਿਆ ਤੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਦੀ ਵਿਧਾਨ ਸਭਾ ਵਿਚ ਹਾਜ਼ਰੀ ਤੇ ਬੋਲਣ ਉੱਤੇ ਇਤਰਾਜ਼ ਹੈ। ਇਸ ਲਈ ਉਹ ਸੰਤ ਸੀਚੇਵਾਲ ਖ਼ਿਲਾਫ਼ ਜੋ ਵੀ ਬੋਲੇ ਉਸ ਲਈ ਉਨ੍ਹਾਂ ਨੂੰ ਸਦਨ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਇੰਦਰਜੀਤ ਕੌਰ ਮਾਨ ਦੇ ਬਿਆਨ ਤੋਂ ਬਾਅਦ ਪ੍ਰਤਾਪ ਬਾਜਵਾ ਨੇ ਕਿਹਾ ਕਿ ਉਹ ਆਪਣੇ ਬਿਆਨ ਉੱਤੇ ਕਾਇਮ ਹਨ ਤੇ ਉਨ੍ਹਾਂ ਦੇ ਕਹਿਣ ਉੱਤੇ ਮੁਆਫ਼ੀ ਨਹੀਂ ਮੰਗਣਗੇ।
ਆਪ’ ਵਿਧਾਇਕਾਂ ਨੇ ਇਸ ਬਿਆਨ ਖ਼ਿਲਾਫ਼ ਨਿੰਦਾ ਮਤਾ ਪੇਸ਼ ਕਰਨ ਦੀ ਮੰਗ ਕੀਤੀ ਸੀ। ਸਦਨ ਨੇ ਸਹਿਮਤੀ ਦਿਖਾਉਂਦਿਆ ਬਾਜਵਾ ਖ਼ਿਲਾਫ਼ ਹਰਜੋਤ ਸਿੰਘ ਬੈਂਸ ਵਲੋਂ ਪੇਸ਼ ਕੀਤਾ ਨਿੰਦਾ ਪ੍ਰਸਤਾਵ ਮਨਜ਼ੂਰ ਕਰ ਲਿਆ ਤੇ ਉਸ ਤੋਂ ਉਸ ਨੂੰ ਬਹੁਮਤ ਨਾਲ ਪਾਸ ਕਰ ਦਿੱਤਾ।
ਹੱਥ ਖੜ੍ਹੇ ਕਰਕੇ ਵੋਟਿੰਗ ਹੋਈ ਤੇ ਨਿੰਦਾ ਮਤਾ ਪਾਸ ਕਰ ਦਿੱਤਾ ਗਿਆ। ਇਸ ਮੌਕੇ ਕਾਂਗਰਸੀ ਮੈਂਬਰਾਂ ਵੱਲੋਂ ਸਦਨ ਵਿੱਚ ਕਾਫੀ ਜ਼ਿਆਦਾ ਹੰਗਾਮਾ ਕੀਤਾ ਗਿਆ ਅਤੇ ਵਾਕ ਆਊਟ ਕਰ ਦਿੱਤਾ ਗਿਆ।
ਦੱਸਦਈਏ ਕਿ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੰਬੋਧਨ ਕਰਦਿਆਂ ਹੋਇਆਂ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਉੱਤੇ ਤੰਜ ਕੱਸਿਆ ਅਤੇ ਕਿਹਾ ਕਿ ਪਿੰਡਾਂ ਦੇ ਛੱਪੜਾਂ ਦੇ ਪਾਣੀ ਦੀ ਸਾਫ਼ ਸਫ਼ਾਈ ਲਈ ਪੰਜਾਬ ਸਰਕਾਰ ਨੂੰ ਥਾਪਰ ਮਾਡਲ ਨੂੰ ਅਪਣਾਉਣ ਦੀ ਲੋੜ ਹੈ ਜਾਂ ਫਿਰ PEC (ਪੇਕ) ਰਾਹੀਂ ਨਵੀਂ ਪ੍ਰਣਾਲੀ ਨਾਲ ਕਾਰਜ ਕਰਨ ਦੀ ਜ਼ਰੂਰਤ ਹੈ। ਇਹ ਛੱਪੜਾਂ ਦੀ ਸਫ਼ਾਈ ਕਰਨ ਲਈ ਸੀਚੇਵਾਲ ਮਾਡਲ ਅਪਣਾ ਰਹੇ ਹਨ, ਸੀਚੇਵਾਲ ਕੋਈ ਇੰਜੀਨੀਅਰ ਨਹੀਂ ਹਨ। ਇੱਥੇ ਤੱਕ ਕੀ ਬਾਜਵਾ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਠੇਕੇਦਾਰ ਤੱਕ ਕਹਿ ਦਿੱਤਾ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।