ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸੂਬੇ ‘ਚ ਕਰਫਿਊ ਨੂੰ ਲੈ ਕੇ ਨਵੇਂ ਆਦੇਸ਼ ਜਾਰੀ ਕੀਤੇ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਸਾਰੇ ਸ਼ਹਿਰਾਂ ‘ਚ ਐਤਵਾਰ ਨੂੰ ਪੂਰਨ ਤੌਰ ‘ਤੇ ਕਰਫਿਊ ਰਹੇਗਾ। ਬਿਨਾਂ ਐਮਰਜੈਂਸੀ ਤੋਂ ਕਿਸੇ ਨੂੰ ਵੀ ਕਰਫ਼ਿਊ ਦੌਰਾਨ ਆਉਣ ਜਾਣ ਦੀ ਢਿੱਲ ਨਹੀਂ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਨਾਈਟ ਕਰਫਿਊ ਵਿੱਚ ਵੀ ਕਿਸੇ ਤਰ੍ਹਾਂ ਦੀ ਢਿੱਲ ਨਾ ਦੇਣ ਲਈ ਕਿਹਾ ਹੈ। ਨਵੇਂ ਹੁਕਮਾਂ ਤੋਂ ਬਾਅਦ ਹੁਣ ਪੰਜਾਬ ਦੇ ਸਾਰੇ ਸ਼ਹਿਰਾਂ ਅਤੇ ਮਿਊਂਸਿਪਲ ਕਮੇਟੀਆਂ ਅੰਦਰ ਆਉਂਦੇ ਕਸਬਿਆਂ ਵਿੱਚ ਐਤਵਾਰ ਨੂੰ ਕਰਫਿਊ ਰਹੇਗਾ। ਪੰਜਾਬ ਸਰਕਾਰ ਦੇ ਇਹ ਹੁਕਮ 30 ਸਤੰਬਰ ਤੱਕ ਲਾਗੂ ਰਹਿਣਗੇ।
ਪੰਜਾਬ ਸਰਕਾਰ ਨੇ ਸੂਬੇ ਵਿੱਚ ਨਾਈਟ ਕਰਫਿਊ ਰਾਤ 9:30 ਤੋਂ ਸਵੇਰ 5 ਵਜੇ ਤੱਕ ਲਗਾਇਆ ਹੋਇਆ ਹੈ ਅਤੇ ਦੁਕਾਨਦਾਰਾਂ ਨੂੰ ਦੁਕਾਨਾਂ ਰਾਤ 9 ਵਜੇ ਤੱਕ ਖੋਲ੍ਹਣ ਦੇ ਆਦੇਸ਼ ਹਨ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਸੂਬੇ ਵਿੱਚ ਨਾਈਟ ਕਰਫਿਊ ਰਾਤ 7 ਵਜੇ ਤੋਂ ਸਵੇਰੇ 5 ਵਜੇ ਤੱਕ ਦਾ ਐਲਾਨ ਹੋਇਆ ਸੀ, ਜਿਸ ਦਾ ਦੁਕਾਨਦਾਰਾਂ ਵੱਲੋਂ ਕਾਫੀ ਵਿਰੋਧ ਕੀਤਾ ਗਿਆ ਸੀ।