ਚੰਡੀਗੜ੍ਹ (ਅਵਤਾਰ ਸਿੰਘ): ਪੰਜਾਬ ਦੇ ਵਧੀਕ ਮੁੱਖ ਸਕੱਤਰ (ਵਿਕਾਸ) ਸ੍ਰੀ ਅਨਿਰੁਧ ਤਿੜਾੜੀ ਨੇ ਅੱਜ ਪੀ.ਏ.ਯੂ. ਦਾ ਦੌਰਾ ਕੀਤਾ । ਇਸ ਮੌਕੇ ਪੀ.ਏ.ਯੂ. ਦੇ ਵੱਖ-ਵੱਖ ਵਿਭਾਗਾਂ ਵੱਲੋਂ ਪਿਛਲੇ ਦਸ ਸਾਲਾਂ ਦੌਰਾਨ ਕੀਤੇ ਵਿਕਾਸ ਨੂੰ ਦਰਸਾਉਣ ਲਈ ਇੱਕ ਪ੍ਰਦਰਸ਼ਨੀ ਲਗਾਈ ਗਈ ਸੀ। ਇਸ ਪ੍ਰਦਰਸ਼ਨੀ ਵਿੱਚ ਪੀ.ਏ.ਯੂ. ਵੱਲੋਂ ਫ਼ਲਾਂ, ਸਬਜ਼ੀਆਂ, ਦਾਲਾਂ, ਤੇਲਬੀਜ, ਮੱਕੀ, ਚਾਰੇ, ਕਣਕ, ਝੋਨਾ ਅਤੇ ਨਰਮਾ ਦੀਆਂ ਨਵੀਆਂ ਕਿਸਮਾਂ ਅਤੇ ਉਹਨਾਂ ਹੇਠਲੇ ਰਕਬੇ ਤੋਂ ਇਲਾਵਾ ਕੁਦਰਤੀ ਸਰੋਤ ਪ੍ਰਬੰਧਨ, ਫਾਰਮ ਪਾਵਰ ਮਸ਼ੀਨਰੀ, ਫ਼ਸਲੀ ਰਹਿੰਦ-ਖੂੰਹਦ ਦੀ ਸੰਭਾਲ, ਭੋਜਨ ਪ੍ਰੋਸੈਸਿੰਗ ਅਤੇ ਤਕਨਾਲੋਜੀ, ਗ੍ਰਹਿ ਵਿਗਿਆਨ ਅਤੇ ਪਸਾਰ ਸਿੱਖਿਆ ਦੇ ਨਾਲ-ਨਾਲ ਪੀ.ਏ.ਯੂ. ਦੇ ਖੇਤੀ ਸਾਹਿਤ ਨਾਲ ਸੰਬੰਧਤ ਸਟਾਲਾਂ ਲਗਾਈਆਂ ਗਈਆਂ ਸਨ। ਸ੍ਰੀ ਅਨਿਰੁਧ ਤਿਵਾੜੀ ਨੇ ਬਹੁਤ ਦਿਲਚਸਪੀ ਨਾਲ ਪੀ.ਏ.ਯੂ. ਦੀਆਂ ਖੋਜ, ਪਸਾਰ ਅਤੇ ਅਧਿਆਪਨ ਗਤੀਵਿਧੀਆਂ ਦੀ ਜਾਣਕਾਰੀ ਹਾਸਲ ਕੀਤੀ। ਉਹਨਾਂ ਨੇ ਇਹਨਾਂ ਗਤੀਵਿਧੀਆਂ ਤੋਂ ਜਾਣੂੰ ਹੁੰਦਿਆਂ ਨਾਲ ਹੀ ਉਸਾਰੂ ਸੁਝਾਅ ਵੀ ਦਿੱਤੇ । ਸ੍ਰੀ ਤਿਵਾੜੀ ਨੇ ਪੀ.ਏ.ਯੂ. ਦੇ ਖੋਜੀਆਂ ਨੂੰ ਕਿਸਾਨਾਂ ਅਤੇ ਕਿਸਾਨੀ ਦੀ ਬਿਹਤਰੀ ਲਈ ਹੋਰ ਨਿੱਠ ਕੇ ਕੰਮ ਕਰਨ ਲਈ ਉਤਸ਼ਾਹਿਤ ਕੀਤਾ । ਉਹਨਾਂ ਨੇ ਬਦਲਦੀਆਂ ਮੌਸਮੀ ਹਾਲਤਾਂ ਅਨੁਸਾਰ ਨਵੀਆਂ ਕਿਸਮਾਂ ਦੇ ਵਿਕਾਸ ਲਈ ਫ਼ਸਲ ਖੋਜੀਆਂ ਨੂੰ ਡੱਟ ਕੇ ਕੰਮ ਕਰਨ ਲਈ ਕਿਹਾ । ਅਧਿਆਪਨ ਦੇ ਖੇਤਰ ਵਿੱਚ ਪੀ.ਏ.ਯੂ. ਵੱਲੋਂ ਅਪਨਾਏ ਜਾ ਰਹੇ ਤਰੀਕਿਆਂ ਦੀ ਵੀ ਸ੍ਰੀ ਤਿਵਾੜੀ ਨੇ ਭਰਪੂਰ ਸ਼ਲਾਘਾ ਕੀਤੀ। ਭੋਜਨ ਪ੍ਰੋਸੈਸਿੰਗ ਅਤੇ ਮਸ਼ੀਨਰੀ ਨੂੰ ਨਵੇਂ ਖੇਤੀ ਯੁੱਗ ਦਾ ਰਸਤਾ ਦਸਦਿਆਂ ਵਧੀਕ ਮੁੱਖ ਸਕੱਤਰ ਨੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਉਦੇਸ਼ ਨੂੰ ਕੇਂਦਰ ਵਿੱਚ ਰੱਖਣ ਲਈ ਕਿਹਾ । ਇਸੇ ਤਰ•ਾਂ ਪੀ.ਏ.ਯੂ. ਦੇ ਪਸਾਰ ਢਾਂਚੇ ਨੂੰ ਬੇਹੱਦ ਪ੍ਰਭਾਵਸ਼ਾਲੀ ਕਹਿੰਦਿਆਂ ਸ੍ਰੀ ਤਿਵਾੜੀ ਨੇ ਪਸਾਰ ਕਰਮੀਆਂ ਦੀ ਤਾਰੀਫ ਕੀਤੀ । ਉਹਨਾਂ ਪੀ.ਏ.ਯੂ. ਦੇ ਖੇਤੀ ਸਾਹਿਤ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਈ।
ਇਸ ਮੌਕੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਪਦਮਸ਼੍ਰੀ ਐਵਾਰਡੀ ਨੇ ਪਿਛਲੇ ਸਾਲਾਂ ਦੌਰਾਨ ਯੂਨੀਵਰਸਿਟੀ ਵੱਲੋਂ ਖੋਜ, ਅਧਿਆਪਨ ਅਤੇ ਪਸਾਰ ਗਤੀਵਿਧੀਆਂ ਦੀ ਦਿਸ਼ਾ ਬਾਰੇ ਸ੍ਰੀ ਤਿਵਾੜੀ ਨੂੰ ਜਾਣੂੰ ਕਰਵਾਇਆ। ਉਹਨਾਂ ਕਿਹਾ ਕਿ ਪੀ.ਏ.ਯੂ. ਨੇ ਪੰਜਾਬ ਦੇ ਕਿਸਾਨਾਂ ਨੂੰ ਵਿਗਿਆਨਕ ਖੇਤੀ ਨਾਲ ਜੋੜਨ ਨੂੰ ਆਪਣਾ ਉਦੇਸ਼ ਬਣਾਇਆ ਹੈ। ਉਹਨਾਂ ਨੇ ਬੀਤੇ ਸਾਲਾਂ ਵਿੱਚ ਫ਼ਲਾਂ, ਸਬਜ਼ੀਆਂ, ਅਨਾਜ ਫ਼ਸਲਾਂ, ਮਸ਼ੀਨਰੀ ਅਤੇ ਪ੍ਰੋਸੈਸਿੰਗ ਦੇ ਨਾਲ-ਨਾਲ ਸਕਿੱਲ ਡਿਵੈਲਪਮੈਂਟ ਦੇ ਖੇਤਰ ਵਿੱਚ ਯੂਨੀਵਰਸਿਟੀ ਵੱਲੋਂ ਕੀਤੇ ਕਾਰਜਾਂ ਦੀ ਸੰਖੇਪ ਝਾਤ ਪਵਾਈ। ਡਾ. ਢਿੱਲੋਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਯੂਨੀਵਰਸਿਟੀ ਕਿਸਾਨਾਂ ਨੂੰ ਖੇਤੀ ਆਮਦਨ ਵਧਾਉਣ ਦੇ ਤਮਾਮ ਨਵੇਂ ਤਰੀਕਿਆਂ ਤੋਂ ਜਾਣੂੰ ਕਰਵਾਉਣ ਦਾ ਅਹਿਦ ਜਾਰੀ ਰੱਖੇਗੀ।
ਸ੍ਰੀ ਅਨਿਰੁਧ ਤਿਵਾੜੀ ਨੇ ਫ਼ਸਲੀ ਤਜਰਬਾ ਖੇਤਰ ਦਾ ਦੌਰਾ ਕੀਤਾ। ਉਹਨਾਂ ਨੇ ਸ਼ਹਿਦ ਮੱਖੀ ਪਾਲਣ, ਟਿਸ਼ੂ ਕਲਚਰ, ਖੁੰਬਾਂ ਦੀ ਖੇਤੀ, ਬਾਇਓਤਕਨਾਲੋਜੀ, ਸੁਰੱਖਿਅਤ ਖੇਤੀ, ਖੇਤ ਮਸ਼ੀਨੀਕਰਨ ਖੋਜ ਹਾਲ ਅਤੇ ਸੂਰਜੀ ਊਰਜਾ ਵਾਲੇ ਡਰਾਇਅਰ ਨੂੰ ਦੇਖਣ ਲਈ ਵਿਸ਼ੇਸ਼ ਤੌਰ ‘ਤੇ ਲੈਬਾਰਟਰੀਜ਼ ਦਾ ਦੌਰਾ ਕੀਤਾ।
ਇਸ ਮੌਕੇ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ, ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਗੁਰਿੰਦਰ ਕੌਰ ਸਾਂਘਾ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ, ਡੀਨ ਖੇਤੀਬਾੜੀ ਕਾਲਜ ਡਾ. ਕੇ ਐਸ ਥਿੰਦ, ਡੀਨ ਖੇਤੀ ਇੰਜਨੀਅਰਿੰਗ ਕਾਲਜ ਡਾ. ਅਸ਼ੋਕ ਕੁਮਾਰ, ਡੀਨ ਕਾਲਜ ਆਫ਼ ਬੇਸਿਕ ਸਾਇੰਸਜ਼ ਡਾ. ਸ਼ੰਮੀ ਕਪੂਰ, ਡੀਨ ਬਾਗਬਾਨੀ ਕਾਲਜ ਡਾ. ਐਮ ਆਈ ਐਸ ਗਿੱਲ ਅਤੇ ਡੀਨ ਕਮਿਊਨਟੀ ਸਾਇੰਸ ਕਾਲਜ ਡਾ. ਕਿਰਨ ਬੈਂਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।