ਟੋਰਾਂਟੋ: ਕੈਨੇਡਾ ਦੇ ਸੂਬੇ ਓਨਟਾਰੀਓ ‘ਚ ਆਉਣ ਵਾਲੇ ਕੌਮਾਂਤਰੀ ਮੁਸਾਫ਼ਰਾਂ ਦੇ ਕੋਰੋਨਾ ਟੈਸਟ ਹੁਣ ਮੁਫ਼ਤ ਕੀਤੇ ਜਾਣਗੇ। ਇਸ ਦੇ ਲਈ ਡੱਗ ਫੋਰਡ ਸਰਕਾਰ ਨੇ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ‘ਤੇ ਫਰੀ ਬੌਰਡਰ ਟੈਸਟਿੰਗ ਪਾਇਲਟ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ।
ਪ੍ਰੀਮੀਅਰ ਡੱਗ ਫੋਰਡ ਨੇ ਨਵੇਂ ਪਾਇਲਟ ਪ੍ਰੋਗਰਾਮ ਦਾ ਐਲਾਨ ਕਰਦੇ ਹੋਏ ਕਿਹਾ ਕਿ ਪੀਅਰਸਨ ਏਅਰਪੋਰਟ ‘ਤੇ ਹਰ ਹਫ਼ਤੇ 60 ਹਜ਼ਾਰ ਤੋਂ ਵੱਧ ਕੌਮਾਂਤਰੀ ਯਾਤਰੀ ਆਉਂਦੇ ਹਨ, ਅਸੀਂ ਕੋਈ ਖ਼ਤਰਾ ਨਹੀਂ ਲੈਣਾ ਚਾਹੁੰਦੇ। ਇਸ ਲਈ ਕੋਵਿਡ- 19 ਨੂੰ ਫੈਲਣ ਤੋਂ ਰੋਕਣ ਲਈ ਨਵੇਂ ਪਾਇਲਟ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ।
ਡੱਗ ਫੋਰਡ ਨੇ ਕਿਹਾ ਕਿ ਇਹ ਮੁਫ਼ਤ ਅਤੇ ਸਵੈਇਛੁੱਕ ਕੋਵਿਡ-19 ਟੈਸਟਿੰਗ ਪ੍ਰੋਗਰਾਮ ਘੱਟੋ-ਘੱਟ 14 ਦਿਨ ਲਈ ਸੂਬੇ ਵਿੱਚ ਆਉਣ ਵਾਲੇ ਯੋਗ ਕੌਮਾਂਤਰੀ ਯਾਤਰੀਆਂ ਲਈ ਹੈ। ਓਨਟਾਰੀਓ ਦੇ ਸਿਹਤ ਮੰਤਰੀ ਕ੍ਰਿਸਟਾਈਨ ਇਲੀਅਟ ਨੇ ਕਿਹਾ ਕਿ ਅਸੀਂ ਲੋਕਾਂ ਦੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਪੀਅਰਸਨ ਏਅਰਪੋਰਟ ‘ਤੇ ਟੈਸਟਿੰਗ ਦੀ ਸਹੂਲਤ ਨੂੰ ਲਾਗੂ ਕਰਾਉਣ ਲਈ ਕੰਮ ਕਰ ਰਹੇ ਹਾਂ ਤਾਂ ਜੋ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਏਅਰਪੋਰਟ ਟੈਸਟਿੰਗ ਪਾਇਲਟ ਪ੍ਰੋਗਰਾਮ ਕੋਡ-19 ਮਾਮਲਿਆਂ ਨੂੰ ਜਲਦੀ ਟੈਸਟ, ਟਰੇਸ ਅਤੇ ਵੱਖ ਕਰਨ ਵਿੱਚ ਸਹਾਇਤਾ ਕਰੇਗਾ।