ਗ਼ਰੀਬ ਅਤੇ ਦਲਿਤ ਵਿਰੋਧੀ ਸਾਬਤ ਹੋਈ ਕਾਂਗਰਸ ਸਰਕਾਰ-ਪ੍ਰਿੰਸੀਪਲ ਬੁੱਧ ਰਾਮ

TeamGlobalPunjab
3 Min Read

ਚੰਡੀਗੜ੍ਹ : ਪੰਜਾਬ ‘ਚ ਅਪ੍ਰੈਲ 2019 ਤੋਂ ਠੱਪ ਪਈ ਸ਼ਗਨ ਯੋਜਨਾ ਦੇ ਮੁੱਦੇ ‘ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਘੇਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਾਂਗਰਸ ਨੂੰ ਵੀ ਬਾਦਲਾਂ ਵਾਂਗ ਗ਼ਰੀਬ ਅਤੇ ਦਲਿਤ ਵਿਰੋਧੀ ਜਮਾਤ ਕਰਾਰ ਦਿੱਤਾ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੀ ਸੂਬਾ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ, ਵਿਧਾਨ ਸਭਾ ‘ਚ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਐਸਸੀ ਵਿੰਗ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਬਿਲਾਸਪੁਰ ਅਤੇ ਸਹਿ-ਪ੍ਰਧਾਨ ਕੁਲਵੰਤ ਸਿੰਘ ਪੰਡੋਰੀ, ਬੁਲਾਰੇ ਰੁਪਿੰਦਰ ਕੌਰ ਰੂਬੀ ਅਤੇ ਮਾਸਟਰ ਬਲਦੇਵ ਸਿੰਘ (ਸਾਰੇ ਵਿਧਾਇਕ) ਨੇ ਕਿਹਾ ਕਿ ਕੋਰੋਨਾ ਦੀ ਆੜ ‘ਚ ਸ਼ਰਾਬ ਕਾਰੋਬਾਰੀਆਂ ਅਤੇ ਰੇਤ-ਬਜਰੀ ਠੇਕੇਦਾਰਾਂ ਦਾ ਕਰੀਬ 10 ਅਰਬ ਰੁਪਏ ਮੁਆਫ਼ ਕਰਨ ਵਾਲੀ ਕੈਪਟਨ ਸਰਕਾਰ ਅਪ੍ਰੈਲ 2019 ਤੋਂ ਗ਼ਰੀਬਾਂ ਅਤੇ ਦਲਿਤ ਵਰਗ ਦੀਆਂ ਲੜਕੀਆਂ ਨੂੰ ‘ਕੰਨਿਆ ਦਾਨ’ ਵਜੋਂ ਮਹਿਜ਼ 21,000 ਰੁਪਏ ਦਾ ਸ਼ਗਨ ਸਮੇਂ ਸਿਰ ਦੇਣਾ ਜ਼ਰੂਰੀ ਨਹੀਂ ਸਮਝਦੀ, ਜਦਕਿ ਕੈਪਟਨ ਅਮਰਿੰਦਰ ਸਿੰਘ ਨੇ 2017 ਦੇ ਚੋਣ ਮੈਨੀਫੈਸਟੋ ‘ਚ ਸ਼ਗਨ ਸਕੀਮ 15,000 ਰੁਪਏ ਤੋਂ ਵਧਾ ਕੇ 51,000 ਰੁਪਏ ਕਰਨ ਦਾ ਵਾਅਦਾ ਕੀਤਾ ਸੀ।

ਪ੍ਰਿੰਸੀਪਲ ਬੁੱਧ ਰਾਮ ਅਤੇ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਅਕਾਲੀ-ਭਾਜਪਾ ਵਾਂਗ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੀ ਗ਼ਰੀਬਾਂ ਅਤੇ ਦਲਿਤਾਂ ਦੀ ਵਿਰੋਧੀ ਸਰਕਾਰ ਸਾਬਤ ਹੋਈ ਹੈ। ਸਾਢੇ ਤਿੰਨ ਸਾਲਾ ਕੁਸ਼ਾਸਨ ‘ਚ ਕੈਪਟਨ 51,000 ਕੰਨਿਆ ਦਾਨ ਦਾ ਵਾਅਦਾ ਵੀ ਪੂਰੀ ਨਹੀਂ ਕਰ ਸਕੇ। ਜਿਸ ਤੋਂ ਸਾਫ਼ ਹੁੰਦਾ ਹੈ ਕਿ ਮੋਦੀ ਸਰਕਾਰ ਵਾਂਗ ਗ਼ਰੀਬ ਅਤੇ ਦਲਿਤ ਆਬਾਦੀ ਕਾਂਗਰਸ ਦੇ ਏਜੰਡੇ ‘ਤੇ ਵੀ ਨਹੀਂ ਹੈ।

ਮਾਸਟਰ ਬਲਦੇਵ ਸਿੰਘ ਅਤੇ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਜੋ ਸਰਕਾਰ ਗ਼ਰੀਬ ਦੀ ਧੀ ਦੇ ਵਿਆਹ ਦੀਆਂ ਖ਼ੁਸ਼ੀਆਂ ‘ਚ ਸਮੇਂ ਸਿਰ ਵਾਧਾ ਕਰਨ ਦੀ ਥਾਂ ਉਨ੍ਹਾਂ ਨੂੰ ਸ਼ਗਨ ਲਈ ਸਾਲਾ-ਬੱਧੀ ਖੱਜਲ-ਖ਼ੁਆਰ ਕਰਦੀ ਹੈ। ਉਹ ਗ਼ਰੀਬਾਂ-ਦਲਿਤਾਂ ਦੀ ਵਿਰੋਧੀ ਸਰਕਾਰ ਹੀ ਕਹਾਏਗੀ। ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਕੈਪਟਨ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇੱਕ ਮਹੀਨੇ ਤੱਕ ਸਰਕਾਰ ਨੇ ਗ਼ਰੀਬਾਂ-ਦਲਿਤਾਂ ਦੀਆਂ ਵਿਆਹੀਆਂ ਜਾ ਚੁੱਕੀਆਂ ਅਤੇ ਸ਼ਗਨ ਯੋਜਨਾ ਲਈ ਯੋਗ ਲੜਕੀਆਂ ਦੀ ਬਕਾਇਆ ਸ਼ਗਨ ਰਾਸ਼ੀ ਜਾਰੀ ਨਾ ਕੀਤੀ ਤਾਂ ਜ਼ਿਲ੍ਹਾ ਪੱਧਰ ਤੋਂ ਲੈ ਕੇ ਵਿਧਾਨ ਸਭਾ ਤੱਕ ਆਵਾਜ਼ ਬੁਲੰਦ ਕੀਤੀ ਜਾਵੇਗੀ।

- Advertisement -

‘ਆਪ’ ਵਿਧਾਇਕਾਂ ਨੇ ਕਿਹਾ ਕਿ ਪਾਰਟੀ ਆਪਣੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਰਾਹੀਂ ਲੋਕ ਸਭਾ ਦੇ ਸਦਨ ਸ਼ਗਨ ਸਕੀਮ ਬਾਰੇ ਕਾਂਗਰਸ ਸੁਪਰੀਮੋ ਸ੍ਰੀਮਤੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਕੋਲੋਂ ਵੀ ਜਵਾਬ ਮੰਗੇਗੀ। ‘ਆਪ’ ਆਗੂਆਂ ਨੇ ਨਾਲ ਹੀ ਭਰੋਸਾ ਦਿੱਤਾ ਕਿ 2022 ‘ਚ ‘ਆਪ’ ਦੇ ਸੱਤਾ ‘ਚ ਆਉਣ ਉਪਰੰਤ ਨਾ ਕੇਵਲ ਕੈਪਟਨ ਦਾ 51,000 ਰੁਪਏ ਸ਼ਗਨ ਵਾਲਾ ਅਧੂਰਾ ਵਾਅਦਾ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇਗਾ, ਸਗੋਂ ਇਸ ਸ਼ਗਨ ਯੋਜਨਾ ਨੂੰ ਹੋਰ ਸਰਲ ਅਤੇ ਸਾਰਥਿਕ ਕੀਤਾ ਜਾਵੇਗਾ।

Share this Article
Leave a comment