ਮੋਗਾ : ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਸੂਬੇ ਵਿੱਚ ਸਕੂਲ ਅਤੇ ਕਾਲਜਾਂ ਨੂੰ 10 ਅਪ੍ਰੈਲ ਤੱਕ ਬੰਦ ਰੱਖਣ ਦਾ ਹੁਕਮ ਦਿੱਤਾ ਹੋਇਆ ਹੈ। ਜਿਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਖਿਲਾਫ਼ ਸਕੂਲ ਪ੍ਰਸ਼ਾਸਨ ਦੇ ਨਾਲ ਨਾਲ ਮਾਪੇ ਵੀ ਨਿੱਤਰੇ ਹਨ। ਪੰਜਾਬ ਭਰ ਵਿੱਚ ਅੱਜ ਸਕੂਲ ਮਾਲਿਕ, ਅਧਿਆਪਕ, ਸਕੂਲ ਬੱਸ ਚਾਲਕਾਂ ਸਮੇਤ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਮੋਗਾ ਵਿਖੇ ਦਾਣਾ ਮੰਡੀ ਵਿੱਚ ਵੱਡੀ ਗਿਣਤੀ ਅੰਦਰ ਲੋਕ ਇਕੱਠਾ ਹੋਏ ਅਤੇ ਇੱਕ ਵਿਸ਼ਾਲ ਰੋਸ ਮਾਰਚ ਕੱਢਿਆ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਪਿਛਲੇ ਇੱਕ ਸਾਲ ਤੋਂ ਸਕੂਲ ਬੰਦ ਪਏ ਹਨ। ਜਦਕਿ ਦੇਸ਼ ਵਿੱਚ ਬਾਕੀ ਸਾਰੇ ਸਥਾਨਾਂ ਨੂੰ ਖੋਲ੍ਹ ਦਿੱਤਾ ਗਿਆ, ਜਿਹਨਾਂ ਨੂੰ ਕੋਰੋਨਾ ਕਾਰਨ ਬੰਦ ਕੀਤਾ ਗਿਆ ਸੀ। ਪਰ ਸਕੂਲਾਂ ਨੂੰ ਹਾਲੇ ਤਕ ਵੀ ਬੰਦ ਰੱਖਿਆ ਹੋਇਆ।
ਇਸ ਤੋਂ ਇਲਾਵਾ ਮਾਪਿਆਂ ਨੇ ਕਿਹਾ ਕਿ ਉਹਨਾਂ ਦੇ ਬੱਚੇ ਘਰ ਬੈਠੇ ਹੋਏ ਹਨ, ਸਕੂਲ ਨੂੰ ਫੀਸਾਂ ਪੂਰੀਆਂ ਦਿੱਤੀਆਂ ਜਾ ਰਹੀਆਂ ਹਨ। ਮਾਪਿਆਂ ਨੇ ਕਿਹਾ ਕਿ ਸਕੂਲਾਂ ਨੂੰ ਖੋਲਿਆ ਜਾਵੇ ਤਾਂ ਜੋ ਬੱਚਿਆਂ ਦਾ ਭਵਿੱਖ ਚੰਗਾ ਬਣ ਸਕੇ, ਕਿਉਂਕਿ ਇੱਕ ਸਾਲ ਤੋਂ ਸਕੂਲ ਬੰਦ ਕੀਤੇ ਗਏ ਹਨ ਅਤੇ ਬੱਚੇ ਘਰਾਂ ਵਿੱਚ ਬੈਠ ਕੇ ਪੜਾਈ ਨਹੀਂ ਕਰ ਪਾ ਰਹੇ। ਦੂਜੇ ਪਾਸੇ ਸਕੂਲ ਬੱਸ ਚਾਲਕਾਂ ਦਾ ਕਹਿਣਾ ਹੈ ਉਹ ਇੱਕ ਸਾਲ ਤੋਂ ਬੇਰੋਜ਼ਗਾਰ ਹਨ। ਘਰ ਪਰਿਵਾਰ ਦਾ ਖਰਚਾ ਕੱਢਣਾ ਔਖਾ ਹੈ। ਇੱਕ ਤਾਂ ਸਰਕਾਰ ਨੇ ਆਪਣੇ ਖਜ਼ਾਨੇ ਭਰਨ ਲਈ ਸਰਕਾਰੀ, ਪ੍ਰਾਈਵੇਟ ਬੱਸਾਂ ਨੂੰ ਸ਼ੁਰੂ ਕੀਤਾ ਹੋਇਆ, ਸ਼ਰਾਬ ਦੇ ਠੇਕੇ ਖੋਲ੍ਹੇ ਹੋਏ ਹਨ। ਪਰ ਸਰਕਾਰ ਨੇ ਸਕੂਲਾਂ ਅਤੇ ਇਹਨਾਂ ਨਾਲ ਜੁੜੇ ਲੋਕਾਂ ਦੀ ਸਾਰ ਨਹੀਂ ਲਈ।