ਲੰਦਨ : ਅਫਰੀਕੀ ਮੂਲ ਦੇ ਵਿਅਕਤੀ ਜਾਰਜ ਫਲਾਇਡ ਦੀ ਹੱਤਿਆ ਤੋਂ ਬਾਅਦ ਅਮਰੀਕਾ ‘ਚ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨ ਦੀ ਆਂਚ ਬ੍ਰਿਟੇਨ ਤੱਕ ਪਹੁੰਚ ਗਈ ਹੈ। ਦੱਸ ਦਈਏ ਕਿ ਬੀਤੇ ਸ਼ਨੀਵਾਰ ਨੂੰ ਯੂਰਪ ਦੇ ਕਈ ਸ਼ਹਿਰਾਂ ‘ਚ ਹਜ਼ਾਰਾਂ ਲੋਕਾਂ ਨੇ ਪੁਲਿਸ ਦੀ ਬੇਰਹਿਮੀ ਅਤੇ ਨਸਲਵਾਦ ਵਿਰੁੱਧ ਰੈਲੀ ਕੱਢੀ ਸੀ। ਇਸੇ ਦੌਰਾਨ ਲੋਕਾਂ ਨੇ ਲੰਦਨ ਦੀਆਂ ਸੜਕਾਂ ‘ਤੇ ਪ੍ਰਦਰਸ਼ਨ ਕੀਤਾ। ਜਿਸ ਦੌਰਾਨ ਭੀੜ ਕਈ ਥਾਵਾਂ ‘ਤੇ ਹਿੰਸਕ ਹੋ ਗਈ ਅਤੇ ਉਸ ਨੇ ਪੁਲਿਸ ਅਧਿਕਾਰੀਆਂ ‘ਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਵੱਲੋਂ 100 ਤੋਂ ਵੱਧ ਲੋਕਾਂ ਨੂੰ ਹਿੰਸਕ ਵਿਵਹਾਰ, ਪੁਲਿਸ ‘ਤੇ ਹਮਲਾ ਕਰਨ ਅਤੇ ਹਥਿਆਰ ਰੱਖਣ ਵਰਗੇ ਦੋਸ਼ਾਂ ਹੇਠ ਗ੍ਰਿਫਤਾਰ ਕਰ ਲਿਆ ਗਿਆ। ਇਹ ਜਾਣਕਾਰੀ ਸਕਾਟਲੈਂਡ ਯਾਰਡ ਪੁਲਿਸ ਵੱਲੋਂ ਜਾਰੀ ਬਿਆਨ ਵਿੱਚ ਦਿੱਤੀ ਗਈ ਹੈ।
ਲੰਦਨ ਮੈਟਰੋਪੋਲੀਟਨ ਪੁਲਿਸ ਨੇ ਟਵਿੱਟਰ ਦੇ ਜ਼ਰੀਏ ਜਾਣਕਾਰੀ ਦਿੱਤੀ ਕਿ ਰਾਤ 9 ਵਜੇ ਤੱਕ ਇੱਕ ਪ੍ਰਦਰਸ਼ਨ ਦੌਰਾਨ 100 ਤੋਂ ਵੱਧ ਲੋਕਾਂ ਨੂੰ ਸ਼ਾਂਤੀ ਭੰਗ ਕਰਨ, ਹਿੰਸਕ ਵਿਵਹਾਰ, ਅਧਿਕਾਰੀਆਂ ਉੱਤੇ ਹਮਲਾ, ਹਥਿਆਰ ਰੱਖਣ, ਕਲਾਸ ਏ ਸ਼੍ਰੇਣੀ ਦੇ ਨਸ਼ੀਲੇ ਪਦਾਰਥ ਰੱਖਣ ਅਤੇ ਨਸ਼ਾ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਦੌਰਾਨ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਵੀ ਲੋਕਾਂ ਨੂੰ ਕੋਰੋਨਾ ਵਾਇਰਸ ਕਾਰਨ ਲਾਗੂ ਕੀਤੇ ਗਏ ਤਾਲਾਬੰਦੀ ਦੌਰਾਨ ਪ੍ਰਦਰਸ਼ਨ ਨਾ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਅਸੀਂ ਇਸ ਸਮੇਂ ਸਿਹਤ ਸੰਕਟਕਾਲ ਤੋਂ ਗੁਜ਼ਰ ਰਹੇ ਹਾਂ। ਮੈਨੂੰ ਲਗਦਾ ਹੈ ਕਿ ‘ਲੋਕਾਂ ਨੂੰ ਇਕੱਠਾ ਨਹੀਂ ਹੋਣਾ ਚਾਹੀਦਾ’, ‘ਉਨ੍ਹਾਂ ਨੂੰ ਵਿਰੋਧ ਨਹੀਂ ਕਰਨਾ ਚਾਹੀਦਾ’। ਦੱਸ ਦੇਈਏ ਕਿ ਅਮਰੀਕਾ ਵਿੱਚ ਪੁਲਿਸ ਹਿਰਾਸਤ ਵਿੱਚ ਅਫਰੀਕੀ ਅਮਰੀਕੀ ਵਿਅਕਤੀ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ, ਬਲੈਕ ਲਾਈਵਜ਼ ਮੈਟਰ ਅੰਦੋਲਨ ਦੁਨੀਆ ਭਰ ਦੇ ਕਈ ਦੇਸ਼ਾਂ ‘ਚ ਫੈਲ ਚੁੱਕਾ ਹੈ।