ਖ਼ਬਰ ਹੈ ਕਿ ਇਰਾਕ ਅੰਦਰ ਭ੍ਰਿਸ਼ਟਾਚਾਰ ਅਤੇ ਬੇਰੁਜ਼ਗਾਰੀ ਖਿਲਾਫ ਲਗਾਤਾਰ ਤਿੰਨ ਦਿਨਾਂ ਤੋਂ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ‘ਚ ਵੀਰਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ। ਜਾਣਕਾਰੀ ਮੁਤਾਬਿਕ ਇਹ ਵਿਰੋਧ ਪ੍ਰਦਰਸ਼ਨ ਕਿਸੇ ਦੀ ਅਗਵਾਈ ਵਿੱਚ ਨਹੀਂ ਹਨ ਅਤੇ ਇਨ੍ਹਾਂ ਦਾ ਵਧੇਰੇ ਅਸਰ ਦੱਖਣੀ ਇਰਾਕ ‘ਚ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਨੂੰ ਰੋਕਣ ਲਈ ਅੱਜ ਪ੍ਰਧਾਨ ਮੰਤਰੀ ਅਦੇਲ ਅਬਦੁਲ ਮਹਿੰਦੀ ਨੇ ਸਵੇਰੇ ਪੰਜ ਵਜੇ ਆਵਾਜਾਈ ‘ਤੇ ਬਿਲਕੁਲ ਰੋਕ ਲਗਾ ਦਿੱਤੀ ਸੀ ਪਰ ਇਸ ਦੇ ਬਾਵਜੂਦ ਪ੍ਰਦਰਸ਼ਨਕਾਰੀ ਮਸ਼ਹੂਰ ਤਹਰੀਰ ਚੌਕ ‘ਤੇ ਇਕੱਠੇ ਹੋ ਗਏ ਅਤੇ ਪਤਾ ਲੱਗਾ ਹੈ ਕਿ ਪੁਲਿਸ ਵੱਲੋਂ ਇਸ ਭੀੜ ਨੂੰ ਤਿਤਰ ਬਿਤਰ ਕਰਨ ਤੋਂ ਪਹਿਲਾਂ ਇੱਕ ਪ੍ਰਦਰਸ਼ਨਕਾਰੀ ਨੇ ਏਐਫਪੀ ਨੂੰ ਦੱਸਿਆ ਕਿ ਉਹ ਇੱਥੇ ਹੀ ਸੌਂ ਰਹੇ ਹਨ ਤਾਂ ਜੋ ਪੁਲਿਸ ਇੱਥੇ ਕਬਜਾ ਨਾ ਕਰ ਸਕੇ।
ਮੀਡੀਆ ਰਿਪੋਰਟਾਂ ਮੁਤਾਬਿਕ ਇਸ ਪ੍ਰਦਰਸ਼ਨ ਦੌਰਾਨ ਦੱਖਣੀ ਇਰਾਕ ਦੇ ਅਮਾਰਾ ਸ਼ਹਿਰ ‘ਚ ਚਾਰ ਪ੍ਰਦਰਸ਼ਨਕਾਰੀਆਂ ਨੂੰ ਗੋਲੀਆਂ ਵੀ ਲੱਗੀਆਂ ਜਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਇੱਥੋਂ ਦੇ ਇੱਕ ਜੀਕਰ ਸੂਬੇ ‘ਚ ਇੱਕ ਹੋਰ ਪ੍ਰਦਰਸ਼ਨਕਾਰੀ ਮਾਰਿਆ ਗਿਆ। ਸੂਤਰਾਂ ਮੁਤਾਬਿਕ ਇਸ ਦੇ ਨਾਲ ਤਿੰਨ ਤੋਂ ਜਾਰੀ ਪ੍ਰਦਰਸ਼ਨ ਦੌਰਾਨ ਇੱਕ ਪੁਲਿਸ ਅਧਿਕਾਰੀ ਸਮੇਤ 18 ਲੋਕਾਂ ਦੀ ਮੌਤ ਹੋ ਚੁਕੀ ਹੈ। ਜਦੋਂ ਕਿ 600 ਦੇ ਕਰੀਬ ਪ੍ਰਦਰਸ਼ਨਕਾਰੀ ਜ਼ਖਮੀ ਹੋ ਗਏ ਹਨ।