ਲੰਦਨ: ਅਮਰੀਕਾ ‘ਚ ਗੋਰੇ ਪੁਲਿਸ ਅਧਿਕਾਰੀ ਦੇ ਹੱਥੋਂ ਹੋਈ ਅਫਰੀਕੀ ਮੂਲ ਦੇ ਵਿਅਕਤੀ ਦੀ ਮੌਤ ਤੋਂ ਬਾਅਦ ਨਸਲਵਾਦ ਦੇ ਖਿਲਾਫ ਉੱਠੀ ਆਵਾਜ਼ ਹੁਣ ਦੂਜੇ ਦੇਸ਼ਾਂ ਵਿੱਚ ਵੀ ਪਹੁੰਚ ਗਈ ਹੈ। ਜਰਮਨੀ ਅਤੇ ਬ੍ਰਿਟੇਨ ਵਰਗੇ ਦੇਸ਼ਾਂ ਵਿੱਚ ਵੀ ਇਸ ਦੇ ਖਿਲਾਫ ਵਿਰੋਧ-ਪ੍ਰਦਰਸ਼ਨ ਹੋ ਰਹੇ ਹਨ।
ਰਿਪੋਰਟ ਮੁਤਾਬਕ ਬ੍ਰਿਟੇਨ ਵਿੱਚ ਪ੍ਰਦਰਸ਼ਨਕਾਰੀਆਂ ਨੇ ਭਾਰਤੀ ਆਜ਼ਾਦੀ ਅੰਦੋਲਨ ਦੇ ਰਚਣਹਾਰ ਅਤੇ ਪੂਰੀ ਦੁਨੀਆ ਨੂੰ ਅਹਿੰਸਾ ਦਾ ਸੁਨੇਹਾ ਦੇਣ ਵਾਲੇ ਮਹਾਤਮਾ ਗਾਂਧੀ ਦੇ ਪਾਰਲੀਮੈਂਟ ਸਕੁਏਅਰ ‘ਚ ਸਥਿਤ ਬੁੱਤ ‘ਤੇ ਨਸਲਵਾਦ ਸੁਨੇਹੇ ਦੇ ਪੋਸਟਰ ਚਿਪਕਾ ਦਿੱਤੇ ਅਤੇ ਮੂਰਤੀ ਦੇ ਚਬੂਤਰੇ ‘ਤੇ ਰੇਸਿਸਟ (ਨਸਲਵਾਦੀ) ਲਿਖ ਦਿੱਤਾ।
ਇਸਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਚਰਚਿਲ, ਇਬਰਾਹਿਮ ਲਿੰਕਨ ਦੇ ਬੁੱਤ ਨੂੰ ਵੀ ਨਿਸ਼ਾਨਾ ਬਣਾਇਆ ਅਤੇ ਉਸ ਦੇ ਹੇਠਾਂ ਵੀ ‘ਨਸਲਵਾਦੀ ਸੀ’ ਲਿਖ ਦਿੱਤਾ ।
ਦੱਸ ਦਈਏ ਇਸ ਤੋਂ ਪਹਿਲਾਂ ਵਾਸ਼ਿੰਗਟਨ ਵਿੱਚ ਲਗਾਤਾਰ ਪ੍ਰਦਰਸ਼ਨ ਕਰ ਰਹੇ ਕੁੱਝ ਸ਼ਰਾਰਤੀ ਅਨਸਰਾਂ ਨੇ ਮਹਾਤਮਾ ਗਾਂਧੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਸੀ। ਅਣਪਛਾਤੇ ਬਦਮਾਸ਼ਾਂ ਨੇ ਇੱਥੇ ਮਹਾਤਮਾ ਗਾਂਧੀ ਦੇ ਬੁੱਤ ਨੂੰ ਗਰਾਫਿਟੀ ਅਤੇ ਸਪ੍ਰੇ ਪੇਂਟਿੰਗ ਨਾਲ ਖਰਾਬ ਕਰ ਦਿੱਤਾ , ਜਿਸ ਤੋਂ ਬਾਅਦ ਦੂਤਾਵਾਸ ਦੇ ਅਧਿਕਾਰੀਆਂ ਨੇ ਸਥਾਨਕ ਏਜੰਸੀਆਂ ਕੋਲ ਸ਼ਿਕਾਇਤ ਦਰਜ ਕਰਾਈ ਸੀ।