ਐਡਮਿੰਟਨ: ਕੈਨੇਡਾ ‘ਚ ਆਏ ਦਿਨ ਖੇਤੀ ਕਾਨੂੰਨਾਂ ਵਿਰੁੱਧ ਰੋਸ ਰੈਲੀਆਂ ਨਿਕਲਦੀਆਂ ਰਹਿੰਦੀਆਂ ਹਨ ਤੇ ਬੀਤੇ ਦਿਨੀਂ ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਹੋਲੀ ਵਾਲੇ ਦਿਨ ਮਾਹੌਲ ਉਦੋ ਤਣਾਅ ਪੂਰਨ ਬਣ ਗਿਆ, ਜਦੋਂ ਹੋਲੀ ਮਨਾ ਰਹੇ ਲੋਕਾਂ ਦੇ ਸਮਾਰੋਹ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਰੈਲੀ ਕੱਢ ਰਹੇ ਪ੍ਰਵਾਸੀ ਭਾਰਤੀ ਵੀ ਪਹੁੰਚ ਗਏ। ਇਸ ਦੌਰਾਨ ਉਨਾਂ ਨੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਾਏ, ਜਿਸ ਕਾਰਨ ਉੱਥੇ ਮਾਹੌਲ ਤਣਾਅਪੂਰਨ ਹੋ ਗਿਆ।
ਦੱਸਣਯੋਗ ਹੈ ਕਿ ਐਡਮਿੰਟਨ ਦੇ ਹੈਰੀਟੇਜ ਵੈਲੀ ਪਾਰਕ ‘ਚ ਲਗਭਗ 400 ਲੋਕ ਹੋਲੀ ਮਨਾ ਰਹੇ ਸਨ ਤੇ ਉਸ ਤੋਂ ਬਾਅਦ “ਪੀਸ ਐਂਡ ਹਾਰਮੋਨੀ ਇੰਡੋ-ਕੈਨੇਡੀਅਨ ਤਿਰੰਗਾ ਯਾਤਰਾ ਵੀ ਹੋਣੀ ਸੀ। ਇਸੇ ਦੌਰਾਨ 100 ਦੇ ਲਗਭਗ ਲੋਕਾਂ ਦਾ ਇੱਕ ਸਮੂਹ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਾ ਉੱਥੇ ਆ ਗਿਆ। ਇਸ ਕਾਰਨ ਹਾਲਾਤ ਤਣਾਅਪੂਰਨ ਬਣ ਗਏ।
ਪੁਲਿਸ ਦੇ ਦਖ਼ਲ ਤੋਂ ਬਾਅਦ ਮਾਹੌਲ ਸ਼ਾਂਤ ਹੋਇਆ। ‘ਤਿਰੰਗਾ ਯਾਤਰਾ ਦੇ ਪ੍ਰਬੰਧਕਾਂ ਨੇ ਜਿੱਥੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨ ਵਾਲਿਆਂ ਤੋਂ ਹੋਲੀ ਸਮਾਰੋਹ ‘ਚ ਅੜਿੱਕੇ ਪਾਉਣ ਦੇ ਦੋਸ਼ ਲਾਏ,ਉੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ) ਨੇ ਕਿਹਾ ਕਿ ਐਡਮਿੰਟਨ ‘ਚ ਰੱਖੀ ਗਈ ‘ਤਿਰੰਗਾ ਯਾਤਰਾ’ ਭਾਰਤ ਦੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਰੱਖੀ ਗਈ ਸੀ, ਜੋ ਕਿ ਸਹੀ ਨਹੀਂ ਹੈ।