ਚੰਡੀਗੜ੍ਹ: ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਅੱਜ ਤੀਜੇ ਦਿਨ ਵੀ ਕਿਸਾਨ ਸੰਘਰਸ਼ ਦੌਰਾਨ ਸ਼ਹੀਦੀਆਂ ਪਾ ਗਏ ਲੋਕਾਂ ਨੂੰ 195 ਪਿੰਡਾਂ ਵਿੱਚ ਸੰਗਰਾਮੀ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਅਤੇ ਰੋਹ ਭਰਪੂਰ ਰੋਸ ਮਾਰਚ ਕੀਤੇ ਗਏ। ਥਾਂ ਥਾਂ ਸੈਂਕੜਿਆਂ ਦੀ ਤਾਦਾਦ ‘ਚ ਜੁੜੇ ਇਕੱਠਾਂ ਨੇ ਸਮੂਹਿਕ ਤੌਰ ‘ਤੇ ਖੜ੍ਹੇ ਹੋ ਕੇ ਦੋ ਮਿੰਟ ਲਈ ਮੌਨ ਰੱਖਿਆ ਤੇ ਸ਼ਹੀਦਾਂ ਦੀ ਯਾਦ ਨੂੰ ਸਿਜਦਾ ਕੀਤਾ। “ਅਮਰ ਸ਼ਹੀਦਾਂ ਦਾ ਪੈਗ਼ਾਮ, ਜਾਰੀ ਰੱਖਣਾ ਹੈ ਸੰਗਰਾਮ” “ਸ਼ਹੀਦੋ ਥੋਡਾ ਕਾਜ ਅਧੂਰਾ,ਲਾ ਕੇ ਜਿੰਦਗੀਆਂ ਕਰਾਂਗੇ ਪੂਰਾ” ਦੇ ਬੁਲੰਦ ਨਾਅਰਿਆਂ ਨਾਲ ਸ਼ਹੀਦਾਂ ਦੀ ਕੁਰਬਾਨੀ ਨੂੰ ਅਜਾਈਂ ਨਾ ਜਾਣ ਦੇਣ ਦਾ ਅਹਿਦ ਕੀਤਾ ਗਿਆ ਤੇ ਮੁਕੰਮਲ ਜਿੱਤ ਤਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ। ਠਾਠਾਂ ਮਾਰਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦਾ ਅੜੀਖੋਰ ਕਾਰਪੋਰੇਟ ਲੁਟੇਰਿਆਂ ਪੱਖੀ ਵਤੀਰਾ 40 ਤੋਂ ਵੱਧ ਜਾਨਾਂ ਦੀ ਬਲੀ ਲੈ ਚੁੱਕਾ ਹੈ ਜਿਨ੍ਹਾਂ ਵਿੱਚ ਦੋ ਦਰਜਨ ਤੋਂ ਵੱਧ ਜ਼ਿੰਦਗੀਆਂ ਤਾਂ ਦਿੱਲੀ ਮੋਰਚੇ ‘ਚ ਹੀ ਕੁਰਬਾਨ ਹੋ ਚੁੱਕੀਆਂ ਹਨ। ਪਰ ਸ਼ਹੀਦਾਂ ਦੇ ਡੁੱਲ੍ਹੇ ਲਹੂ ਨੂੰ ਮਸਤਕ ਨਾਲ ਲਾ ਕੇ ਅਸੀਂ ਕਸਮ ਖਾਂਦੇ ਹਾਂ ਕਿ ਸਿਦਕ ਦੀ ਇਸ ਪਰਖ ਅੰਦਰ ਅਸੀਂ ਹਰ ਹਾਲ ਪੂਰੇ ਉੱਤਰਾਂਗੇ।
ਸੰਘਰਸ਼ ਅੰਦਰ ਅਜਿਹੇ ਵਿਛੋੜੇ ਸਾਡੇ ਹੌਸਲੇ ਪਸਤ ਨਹੀਂ ਕਰ ਸਕਣਗੇ,ਸਗੋਂ ਇਹ ਕੁਰਬਾਨੀਆਂ ਸੰਘਰਸ਼ੀ ਲੋਕਾਂ ਦੇ ਰੋਹ ਨੂੰ ਹੋਰ ਪ੍ਰਚੰਡ ਕਰਨਗੀਆਂ ਅਤੇ ਜੁਝਾਰੂ ਇਰਾਦਿਆਂ ਨੂੰ ਸਾਣ ‘ਤੇ ਲਾਉਣਗੀਆਂ। ਉਨ੍ਹਾਂ ਨੇ ਸੰਘਰਸ਼ ਦੌਰਾਨ ਵੀ ਹੋ ਰਹੀਆਂ ਇੱਕਾ ਦੁੱਕਾ ਖੁਦਕੁਸ਼ੀਆਂ ਨੂੰ ਅਫਸੋਸਨਾਕ ਅਤੇ ਮੰਦਭਾਗਾ ਦੱਸਦੇ ਹੋਏ ਕਿਸਾਨਾਂ ਮਜਦੂਰਾਂ ਨੂੰ”ਖੁਦਕੁਸ਼ੀਆਂ ਨਹੀਂ-ਸੰਗਰਾਮ ਸੰਗਰਾਮ” ਦਾ ਹੋਕਾ ਦਿੱਤਾ। ਉਨ੍ਹਾਂ ਕਿਹਾ ਕਿ ਬੇਮਿਸਾਲ ਇਕਜੁੱਟ ਕਿਸਾਨ ਸੰਘਰਸ਼ ਨੂੰ ਦੇਸ਼ ਵਿਦੇਸ਼ ‘ਚੋਂ ਹਰ ਵਰਗ ਦੇ ਕਿਰਤੀਆਂ, ਬੁੱਧੀਜੀਵੀਆਂ, ਕਲਾਕਾਰਾਂ ਵੱਲੋਂ ਮਿਲ ਰਹੀ ਜ਼ੋਰਦਾਰ ਹਮਾਇਤ ਨਾਲ ਮੋਦੀ ਹਕੂਮਤ ਦੀਆਂ ਜ਼ਾਤਪਾਤੀ ਤੇ ਫਿਰਕੂ ਪਾਟਕ ਪਾਉਣ ਦੀਆਂ ਅਤੇ ਘੋਲ ਬਾਰੇ ਝੂਠਾ ਪ੍ਰਚਾਰ ਕਰਨ ਦੀਆਂ ਸਭ ਚਾਲਾਂ ਕੁੱਟੀਆਂ ਜਾ ਰਹੀਆਂ ਹਨ। ਵੱਖ ਵੱਖ ਥਾਂਈਂ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਸੂਬਾਈ ਦਿੱਲੀ ਮੋਰਚਾ ਮੁਹਿੰਮ ਕਮੇਟੀ ਦੇ ਮੈਂਬਰਾਂ ਜਗਤਾਰ ਸਿੰਘ ਕਾਲਾਝਾੜ, ਸਰੋਜ ਦਿਆਲਪੁਰਾ, ਚਮਕੌਰ ਸਿੰਘ ਨੈਣੇਵਾਲ, ਜਸਵਿੰਦਰ ਸਿੰਘ ਬਰਾਸ, ਸੁਖਜੀਤ ਸਿੰਘ ਕੋਠਾਗੁਰੂ,ਸੁਨੀਲ ਕੁਮਾਰ ਭੋਡੀਪੁਰ ਤੋਂ ਇਲਾਵਾ ਰਾਮ ਸਿੰਘ ਭੈਣੀਬਾਘਾ, ਬਲਵੰਤ ਸਿੰਘ ਘੁਡਾਣੀ, ਗੁਰਮੀਤ ਸਿੰਘ ਕਿਸ਼ਨਪੁਰਾ, ਹਰਜਿੰਦਰ ਸਿੰਘ ਵਲ੍ਹੂਰ, ਜਸਵੀਰ ਸਿੰਘ ਗੰਡੀਵਿੰਡ, ਮੋਹਨ ਸਿੰਘ ਨਕੋਦਰ ਅਤੇ ਜਸਪਾਲ ਸਿੰਘ ਧੰਗਈ ਸ਼ਾਮਲ ਸਨ।
ਬੁਲਾਰਿਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਕਾਨੂੰਨਾਂ ‘ਚ ਤਜਵੀਜ਼ਤ ਸੋਧਾਂ ਨੂੰ ਰੱਦ ਕਰਨ ਦਾ ਅਰਥ ਫ਼ਸਲਾਂ ਦੇ ਮੰਡੀਕਰਨ ਚ ਕਾਰਪੋਰੇਟਾਂ ਦੇ ਦਾਖ਼ਲੇ ਨੂੰ ਰੋਕਣ ਦੀ ਪਹੁੰਚ ਹੈ। ਇਨ੍ਹਾਂ ਸੋਧਾਂ ਨੂੰ ਮੰਨਣ ਨਾਲ ਫ਼ਸਲਾਂ ਦੇ ਮੰਡੀਕਰਨ ਚ ਕਾਰਪੋਰੇਟਾਂ ਦਾ ਦਾਖਲਾ ਖੁੱਲ੍ਹਾ ਹੀ ਰਹਿੰਦਾ ਹੈ। ਇਹ ਦਾਖਲਾ ਬੰਦ ਕਰਨ ਲਈ ਕਾਨੂੰਨ ਰੱਦ ਕਰਨੇ ਹੀ ਬਣਦੇ ਹਨ ਅਤੇ ਇਸ ਮੰਜ਼ਿਲ ਦੀ ਪ੍ਰਾਪਤੀ ਤੱਕ ਸੰਘਰਸ਼ ਆਏ ਦਿਨ ਬੁਲੰਦੀਆਂ ਛੋਂਹਦਾ ਵਧਦਾ ਹੀ ਰਹੇਗਾ। ਉਹਨਾਂ ਨੇ ਐਲਾਨ ਕੀਤਾ ਕਿ ਕੱਲ੍ਹ ਨੂੰ ਵੀ ਹੋਰ ਵਧੇਰੇ ਪਿੰਡਾਂ ਵਿੱਚ ਸ਼ਰਧਾਂਜਲੀ ਸਮਾਗਮ ਤੇ ਰੋਸ ਮਾਰਚ ਕਰਦਿਆਂ 24 ਦਸੰਬਰ ਨੂੰ 15 ਜਿਲ੍ਹਿਆਂ ਦੇ ਕਈ ਦਰਜਨ ਬਲਾਕਾਂ ਵਿੱਚ ਵਿਸ਼ਾਲ ਸ਼ਰਧਾਂਜਲੀ ਸਮਾਗਮ ਤੇ ਰੋਸ ਮਾਰਚ ਕੀਤੇ ਜਾਣਗੇ। ਇਹਨਾਂ ਸਮਾਗਮਾਂ ਦੌਰਾਨ ਜਥੇਬੰਦੀ ਵੱਲੋਂ ਰੋਜ਼ਾਨਾ ਦਿੱਤੇ ਜਾ ਰਹੇ ਸੱਦਿਆਂ ਮੁਤਾਬਕ 26 ਦਸੰਬਰ ਨੂੰ ਖਨੌਰੀ ਤੋਂ ਅਤੇ 27 ਨੂੰ ਡੱਬਵਾਲੀ ਤੋਂ ਭਾਰੀ ਗਿਣਤੀ ਔਰਤਾਂ,ਨੌਜਵਾਨਾਂ ਸਮੇਤ ਘੱਟੋ ਘੱਟ 15-15 ਹਜਾਰ ਕਿਸਾਨਾਂ ਮਜਦੂਰਾਂ ਦੇ ਕਾਫਲੇ ਦਿੱਲੀ ਵੱਲੀਂ ਕੂਚ ਕਰਨਗੇ ਅਤੇ ਰਸਤੇ ਵਿੱਚ ਪੜਾਅ ਦੌਰਾਨ ਹਰਿਆਣੇ ਦੇ ਲੋਕਾਂ ਨਾਲ ਸਾਂਝੀਆਂ ਰੈਲੀਆਂ ਕੀਤੀਆਂ ਜਾਣਗੀਆਂ।