ਅੰਮ੍ਰਿਤਸਰ: ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀ ਵਰਗ ਦੀ ਭਲਾਈ ਅਤੇ ਭਾਰਤ-ਪਾਕਿਸਤਾਨ ਵਿਚਕਾਰ ਵਪਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਅੰਮ੍ਰਿਤਸਰ ਵਿੱਚ ਇਕ ਅਪੀਲ ਮੁਜ਼ਾਹਰਾ ਕੀਤਾ ਗਿਆ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਨਫਰਤ ਅਤੇ ਟਕਰਾਅ ਦੀ ਰਾਜਨੀਤੀ ਨੂੰ ਪਿੱਛੇ ਛੱਡਕੇ ਅਮਨ, ਖੁਸ਼ਹਾਲੀ ਅਤੇ ਕਾਨੂੰਨੀ ਜ਼ਿੰਮੇਵਾਰੀ ਵੱਲ ਵਧਿਆ ਜਾਵੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਟਾਰੀ-ਵਾਹਗਾ ਬਾਰਡਰ ਰਾਹੀਂ ਵਪਾਰ ਖੋਲ੍ਹਣਾ ਸਿਰਫ ਆਰਥਿਕ ਲਾਭ ਨਹੀਂ, ਬਲਕਿ ਇਤਿਹਾਸਕ, ਰੂਹਾਨੀ ਅਤੇ ਕਾਨੂੰਨੀ ਲੋੜ ਵੀ ਹੈ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਰੀ ਬਿਆਨ ਮੁਤਾਬਕ, ਪੰਜਾਬ ਦੇ ਕਿਸਾਨ, ਖ਼ਾਸ ਕਰਕੇ ਅੰਮ੍ਰਿਤਸਰ ਜ਼ਿਲ੍ਹੇ ਦੇ, ਘੱਟ ਭਾਅ ਅਤੇ ਮੰਡੀਆਂ ਦੀ ਘਾਟ ਕਰਕੇ ਪੀੜਤ ਹਨ। ਸਰਹੱਦ ਖੁਲ੍ਹਣ ਨਾਲ ਉਹ ਆਪਣਾ ਪੈਦਾ ਕੀਤਾ ਅਨਾਜ, ਸਬਜ਼ੀਆਂ ਅਤੇ ਫਲ ਵਧੀਆ ਕੀਮਤਾਂ ‘ਤੇ ਵੇਚ ਸਕਣਗੇ। ਵਪਾਰੀ ਆਪਣੇ ਖੋਏ ਹੋਏ ਬਾਜ਼ਾਰ ਮੁੜ ਹਾਸਿਲ ਕਰ ਸਕਣਗੇ, ਖ਼ਾਸ ਕਰਕੇ ਸੁੱਕੇ ਫਲ, ਸੀਮੈਂਟ, ਕੱਪੜੇ ਅਤੇ ਉਦਯੋਗਿਕ ਮਾਲ ਲਈ।
ਇਸ ਨਾਲ ਨਾਲ ਟਰਾਂਸਪੋਰਟ, ਹੋਟਲ, ਗੋਦਾਮ ਅਤੇ ਟੂਰਿਜ਼ਮ ਖੇਤਰਾਂ ਵਿੱਚ ਨੌਕਰੀਆਂ ਪੈਦਾ ਹੋਣਗੀਆਂ। ਮਾਨ ਨੇ ਕਿਹਾ ਕਿ ਸਰਹੱਦ ਖੁਲ੍ਹਣ ਨਾਲ ਭਾਰਤ ਦੀ GDP ਵਿੱਚ 1% ਤੱਕ ਵਾਧਾ ਹੋ ਸਕਦਾ ਹੈ ਅਤੇ ਖੇਤਰੀ ਖੁਸ਼ਹਾਲੀ ਰਾਹੀਂ ਭਾਰਤ ਦੀ ਵਿਦੇਸ਼ੀ ਛਵੀ ਮਜ਼ਬੂਤ ਹੋਵੇਗੀ। ਕੇਂਦਰੀ ਏਸ਼ੀਆ ਨਾਲ ਜੁੜਨ ਦੇ ਰਾਹ ਖੁਲਣਗੇ ਅਤੇ ਵਿਦੇਸ਼ੀ ਬੰਦਰਗਾਹਾਂ ਉੱਤੇ ਨਿਰਭਰਤਾ ਘਟੇਗੀ।
ਸੁਰੱਖਿਆ ਸੰਬੰਧੀ ਡਰ ਬਾਰੇ ਉਨ੍ਹਾਂ ਨੇ ਕਿਹਾ ਕਿ WTO ਦੇ GATT Article XXI ਅਨੁਸਾਰ ਸਿਰਫ਼ ਜਾਇਜ਼ ਸਾਵਧਾਨੀ ਅਨੁਸਾਰ ਰੋਕ ਲਾਈ ਜਾ ਸਕਦੀ ਹੈ, ਨਾ ਕਿ ਨਫ਼ਰਤ ਦੀ ਬੁਨਿਆਦ ‘ਤੇ। ਵਪਾਰ ਬੰਦ ਕਰਨਾ ਕੋਈ ਹੱਲ ਨਹੀਂ, ਇਹ ਨਫ਼ਰਤ ਨੂੰ ਹੋਰ ਵਧਾਉਂਦਾ ਹੈ। ਇਤਿਹਾਸ ਨੇ ਸਿਖਾਇਆ ਹੈ ਕਿ ਆਰਥਿਕ ਲਾਗੇਵਾਰੀ ਨਾਲ ਲੜਾਈਆਂ ਦੀ ਸੰਭਾਵਨਾ ਘਟਦੀ ਹੈ।
ਉਨ੍ਹਾਂ ਆਖ਼ਰ ‘ਚ ਕਿਹਾ – “ਸਮਾਂ ਆ ਗਿਆ ਹੈ ਕਿ ਅਸੀਂ ਵਾਹਗਾ ਰਾਹੀਂ ਵਪਾਰ ਮੁੜ ਸ਼ੁਰੂ ਕਰੀਏ, ਕਿਸਾਨਾਂ ਅਤੇ ਉਦਯੋਗਾਂ ਨੂੰ ਜੀਵਨ ਦਈਏ, ਅਤੇ ਅਮਨ ਦਾ ਰਾਹ ਅਪਣਾਈਏ। ਇਹ ਨਾ ਸਿਰਫ ਪੰਜਾਬੀ ਦੀ ਆਵਾਜ਼ ਹੈ, ਸਗੋਂ ਮਨੁੱਖਤਾ ਦੀ ਲੋੜ ਹੈ, ਅਤੇ ਭਾਰਤ ਦੇ ਸੰਵਿਧਾਨਕ ਮੁੱਲਾਂ ਦੀ ਮੰਗ ਵੀ।”