ਲੁਧਿਆਣਾ : ਪੰਜਾਬ ਦੌਰੇ ‘ਤੇ ਆਏ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਲੁਧਿਆਣਾ ਪਹੁੰਚਣ ‘ਤੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਲੁਧਿਆਣਾ ਵਿਖੇ ਕੁਝ ਨੌਜਵਾਨਾਂ ਵੱਲੋਂ ਕੇਜਰੀਵਾਲ ਦੀ ਗੱਡੀ ਨੂੰ ਘੇਰ ਲਿਆ ਗਿਆ ਅਤੇ ਗੱਡੀ ਤੇ ਮੁੱਕੇ ਮਾਰੇ।
ਵਿਰੋਧ ਕਰ ਰਹੇ ਨੌਜਵਾਨ ਜਿਨ੍ਹਾਂ ਦੇ ਹੱਥਾਂ ‘ਚ ਬੈਨਰ ਫੜੇ ਹੋਏ ਸਨ, ਨੇ ਕੇਜਰੀਵਾਲ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਨੌਜਵਾਨਾਂ ਨੇ ਵੱਡਾ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿਹਾ ਕਿ ਕੇਜਰੀਵਾਲ ਦਿੱਲੀ ਜਾ ਕੇ ਕਹਿੰਦੇ ਹਨ ਕਿ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਜ਼ਿੰਮੇਵਾਰ ਹੈ, ਪੰਜਾਬ ਦਾ ਧੂੰਆਂ ਦਿੱਲੀ ਪਹੁੰਚ ਰਿਹਾ ਹੈ, ਜਦੋਂ ਕਿ ਹਕੀਕਤ ‘ਚ ਇਹ ਸਹੀ ਨਹੀਂ ਹੈ। ਪੰਜਾਬ ਦੇ ਪਾਣੀਆਂ ਦੇ ਮੁੱਦੇ ‘ਤੇ ਹੁਣ ਤਕ ਇਨ੍ਹਾਂ ਨੇ ਆਪਣਾ ਸਟੈਂਡ ਸਾਫ਼ ਨਹੀਂ ਕੀਤਾ।
ਵਿਰੋਧ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਦਾ ਕਹਿਣਾ ਸੀ ਕਿ ਅਰਵਿੰਦ ਕੇਜਰੀਵਾਲ ਇੱਥੇ ਸਿਰਫ਼ ਸਿਆਸਤ ਕਰਨ ਆਉਂਦੇ ਹਨ, ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੀ ਬਿਲਕੁਲ ਵੀ ਪਰਵਾਹ ਨਹੀਂ ।
ਜ਼ਿਕਰਯੋਗ ਹੈ ਕਿ ਸੂਬੇ ਵਿੱਚ ‘ਆਪ’ ਨੂੰ ਹੋਰ ਮਜ਼ਬੂਤ ਕਰਨ ਅਤੇ ਵਿਧਾਨ ਸਭਾ ਚੋਣਾਂ ਲਈ ਲੋਕਾਂ ਦੀ ਹਮਾਇਤ ਹਾਸਲ ਕਰਨ ਵਾਸਤੇ ਕੇਜਰੀਵਾਲ ਪੰਜਾਬ ਦੌਰੇ ‘ਤੇ ਹਨ।