ਚੰਡੀਗੜ੍ਹ (ਅਵਤਾਰ ਸਿੰਘ): ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਸਾਬਕਾ ਜਨਰਲ ਸਕੱਤਰ ਅਤੇ ਸਾਬਕਾ ਪ੍ਰਧਾਨ ਪ੍ਰੋ. ਅਵਤਾਰ ਜੌੜਾ ਸਦੀਵੀ ਵਿਛੋੜਾ ਦੇ ਗਏ ਹਨ। ਉਹ ਡੀ.ਏ.ਵੀ. ਕਾਲਜ ਦਸੂਹਾ ਵਿਖੇ ਲੰਮਾ ਸਮਾਂ ਪੰਜਾਬੀ ਦੇ ਪ੍ਰੋਫ਼ੈਸਰ ਰਹੇ। ਨਵਾਂ ਜ਼ਮਾਨਾ ਵਿੱਚ ਛਪਦਾ ਉਨ੍ਹਾਂ ਦਾ ਸਾਹਿਤਕ ਕਾਲਮ ‘ਸੱਚੋ ਸੱਚ ਦੱਸ ਵੇ ਜੋਗੀ’ ਬਹੁਤ ਮਕਬੂਲ ਹੋਇਆ ਸੀ। ਉਹ ਪੰਜਾਬੀ ਲੇਖਕ ਸਭਾਵਾਂ ਨੂੰ ਜਥੇਬੰਦ ਕਰਨ ਅਤੇ ਕੇਂਦਰੀ ਸਭਾ ਨੂੰ ਇੱਕ ਮਜ਼ਬੂਤ ਸਾਹਿਤਕ ਸੰਸਥਾ ਬਣਾਉਣ ਵਾਲੇ ਲੇਖਕਾਂ ਦੀ ਮੂਹਰਲੀ ਕਤਾਰ ਵਿੱਚ ਸ਼ਾਮਲ ਸਨ। ਦੂਰਦਰਸ਼ਨ ਜਲੰਧਰ ਅਤੇ ਸਾਹਿਤਕ ਪੱਤਰਕਾਰੀ ਨਾਲ ਉਨ੍ਹਾਂ ਦਾ ਲਗਾਉ ਲੰਮੇ ਅਰਸੇ ਤੱਕ ਰਿਹਾ। ਉਨ੍ਹਾਂ ਨੇ ਪ੍ਰੋ. ਧਰਮਪਾਲ ਸਿੰਗਲ ਨਾਲ ਰਲ ਕੇ ਨਾਮਵਰ ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ ਬਾਰੇ ਇੱਕ ਕਿਤਾਬ ‘ਸ਼ਿਵ ਕੁਮਾਰ ਦਾ ਕਾਵਿ ਜਗਤ’ ਵੀ ਲਿਖੀ। ਬਾਲ ਸਾਹਿਤ ਵਿੱਚ ਵੀ ਉਨ੍ਹਾਂ ਨੇ ਭਰਵਾਂ ਯੋਗਦਾਨ ਪਾਇਆ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਪ੍ਰੋ. ਅਵਤਾਰ ਜੌੜਾ ਦੇ ਗੁਜ਼ਰ ਜਾਣ ਨਾਲ ਪੰਜਾਬੀ ਸਾਹਿਤ ਅਤੇ ਪੰਜਾਬੀ ਦੀ ਸਾਹਿਤਕ ਪੱਤਰਕਾਰੀ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਕੇਂਦਰੀ ਸਭਾ ਪ੍ਰੋ. ਅਵਤਾਰ ਜੌੜਾ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਆਪਣੀ ਹਾਰਦਿਕ ਸੰਵੇਦਨਾ ਸਾਂਝੀ ਕਰਦੀ ਹੈ।