ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਦੇ ਮੁੱਦੇ ‘ਤੇ ਇਕ ਅਪੀਲ ਕੀਤੀ ਗਈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਿਸਾਨਾਂ ਦੀਆਂ ਮੰਗਾਂ ਨੂੰ ਅੱਗੇ ਆ ਕੇ ਸੁਣਨ ਅਤੇ ਉਨ੍ਹਾਂ ਦਾ ਪੱਕਾ ਹੱਲ ਕੱਢਣ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਿੱਤ ਮੰਤਰਾਲੇ ਨੂੰ ਇਹ ਨਿਰਦੇਸ਼ ਦੇਣ ਕਿਸਾਨਾਂ ਨਾਲ ਪੱਖਪਾਤ ਕਰਨ ਦੀ ਬਜਾਏ ਉਨ੍ਹਾਂ ਨੂੰ ਇਕ ਵਿਆਪਕ ਰਾਹਤ ਪੈਕੇਜ ਪੇਸ਼ ਕਰਨ।
ਇਸ ਦੇ ਨਾਲ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਰਤੀ ਲੋਕਤੰਤਰ ਦੇ ਲਈ ਇਹ ਦੁੱਖ ਭਰੀ ਖਬਰ ਹੈ। ਨੀਤੀਆਂ ਬਣਾਉਣ ਵਾਲੇ ਖੇਤੀ ਖੇਤਰ ‘ਚ ਬੇਖ਼ਬਰ ਹੋ ਗਏ ਹਨ। ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਕਿਸਾਨਾਂ ਨੂੰ ਕੋਵਿਡ-19 ਮਹਾਂਮਾਰੀ ਦਾ ਖ਼ਮਿਆਜ਼ਾ ਭੁਗਤਨਾ ਪੈ ਰਿਹਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਹਜ਼ਾਰਾਂ ਟਨ ਫਸਲ ਅਤੇ ਸਬਜ਼ੀਆਂ ਖੇਤਾਂ ਵਿੱਚ ਹੀ ਸੜ ਗਈਆਂ ਹਨ। ਜਿਹੜੇ ਕਿਸਾਨਾਂ ਨੇ ਪੋਲੀ ਤੇ ਨੈੱਟ ਹਾਊਸ ‘ਚ ਨਿਵੇਸ਼ ਕੀਤਾ ਸੀ, ਉਨ੍ਹਾਂ ਨੂੰ ਭਾਰੀ ਨੁਕਸਾਨ ਸਹਿਣਾ ਪਿਆ ਸੀ ਕਿਉਂਕਿ ਉਨ੍ਹਾਂ ਦੀ ਫ਼ਸਲ ਕਈ ਮਹੀਨੇ ਤਕ ਵਿਕ ਨਾ ਸਕੀ।