ਚੰਡੀਗੜ੍ਹ (ਅਵਤਾਰ ਸਿੰਘ): ਪੀ.ਏ.ਯੂ. ਲੁਧਿਆਣਾ ਦੇ ਮਾਹਿਰਾਂ ਨੂੰ ਬੀਤੇ ਦਿਨੀਂ ਸੰਗਰੂਰ ਅਤੇ ਬਰਨਾਲਾ ਜ਼ਿਲਿਆਂ ਵਿੱਚ ਕੀਤੇ ਸਰਵੇਖਣਾਂ ਦੌਰਾਨ ਝੋਨੇ ਦੀ ਫ਼ਸਲ ਉਪਰ ਤਣੇ ਦੀ ਗੁਲਾਬੀ ਸੁੰਡੀ ਦੇ ਹਲਕੇ ਪ੍ਰਭਾਵ ਦੇਖਣ ਨੂੰ ਮਿਲੇ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਪ੍ਰਦੀਪ ਕੁਮਾਰ ਛੁਨੇਜਾ ਨੇ ਦੱਸਿਆ ਕਿ ਇਸੇ ਗੱਲ ਦੇ ਮੱਦੇਨਜ਼ਰ ਕਣਕ ਦੇ ਮਾਹਿਰਾਂ ਵੱਲੋਂ ਇਹ ਸੁਝਾਅ ਹੈ ਕਿ ਜਿੱਥੇ ਝੋਨੇ ਦੀ ਫ਼ਸਲ ਉਪਰ ਗੁਲਾਬੀ ਸੁੰਡੀ ਦਾ ਪ੍ਰਭਾਵ ਦੇਖਣ ਵਿੱਚ ਉਥੇ ਕਿਸਾਨ ਕਣਕ ਦੀ ਅਗੇਤੀ ਬਿਜਾਈ ਤੋਂ ਗੁਰੇਜ਼ ਕਰਨ।
ਉਹਨਾਂ ਇਹ ਵੀ ਦੱਸਿਆ ਕਿ ਤਣੇ ਦੀ ਗੁਲਾਬੀ ਸੁੰਡੀ ਦਾ ਪ੍ਰਭਾਵ ਆਮਤੌਰ ਤੇ ਸਤੰਬਰ-ਅਕਤੂਬਰ ਦੇ ਮਹੀਨਿਆਂ ਵਿੱਚ ਝੋਨੇ ਦੀ ਫ਼ਸਲ ਉਪਰ ਦੇਖਿਆ ਜਾਂਦਾ ਹੈ। ਗੁਲਾਬੀ ਸੁੰਡੀ ਦਾ ਲਾਰਵਾ ਕਣਕ ਦੇ ਛੋਟੇ ਪੌਦਿਆਂ ਦੇ ਤਣਿਆਂ ਵਿੱਚ ਮੋਰੀਆਂ ਕਰਦਾ ਹੈ ਜਿਸ ਨਾਲ ਬੂਟੇ ਦਾ ਵਾਧਾ ਰੁਕ ਜਾਂਦਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਲਗਾਤਾਰ ਆਪਣੀ ਝੋਨੇ ਦੀ ਫ਼ਸਲ ਦਾ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ।
ਵਿਸ਼ੇਸ਼ ਤੌਰ ਤੇ ਜਿਨ੍ਹਾਂ ਖੇਤਾਂ ਵਿੱਚ ਲੰਮੀ ਮਿਆਰ ਦੀਆਂ ਕਿਸਮਾਂ ਪੂਸਾ 44 ਅਤੇ ਪੀਲੀ ਪੂਸਾ ਵਰਗੀਆਂ ਕਿਸਮਾਂ ਦੀ ਬਿਜਾਈ ਕੀਤੀ ਹੋਵੇ। ਗੁਲਾਬੀ ਸੁੰਡੀ ਦਾ ਪ੍ਰਭਾਵ ਜੇਕਰ ਝੋਨੇ ਦੀ ਫ਼ਸਲ ਉਪਰ ਵਧੇਰੇ ਹੋਵੇ ਤਾਂ ਇਹ ਪ੍ਰਭਾਵ ਅਗਲੀ ਫ਼ਸਲ ਤੱਕ ਵੀ ਜਾ ਸਕਦਾ ਹੈ। ਇਸ ਲਈ ਕਿਸਾਨਾਂ ਨੂੰ ਅਜਿਹੇ ਪ੍ਰਭਾਵਿਤ ਖੇਤਾਂ ਵਿੱਚ ਅਕਤੂਬਰ ਦੌਰਾਨ ਅਗੇਤੀ ਬਿਜਾਈ ਤੋਂ ਗੁਰੇਜ਼ ਕਰਨ ਦੀ ਲੋੜ ਹੈ। ਡਾ. ਛੁਨੇਜਾ ਨੇ ਕਿਹਾ ਕਿ ਝੋਨੇ ਦੇ ਜਿਨ੍ਹਾਂ ਖੇਤਾਂ ਵਿੱਚ ਗੁਲਾਬੀ ਸੁੰਡੀ ਦਾ ਕੋਈ ਪ੍ਰਭਾਵ ਨਹੀਂ ਹੈ ਉਥੇ ਕਣਕ ਦੀ ਬਿਜਾਈ 25 ਅਕਤੂਬਰ ਤੋਂ ਕੀਤੀ ਜਾ ਸਕਦੀ ਹੈ ਜਦੋਂ ਵੱਧ ਤੋਂ ਵੱਧ ਤਾਪਮਾਨ 30 ਦਰਜੇ ਅਤੇ ਘੱਟ ਤੋਂ ਘੱਟ 16 ਦਰਜੇ ਦੇ ਦਰਮਿਆਨ ਹੋਵੇ । ਉਹਨਾਂ ਇਹ ਵੀ ਕਿਹਾ ਕਿ 15 ਅਕਤੂਬਰ ਤੱਕ ਬੀਜੀ ਅਗੇਤੀ ਕਣਕ ਦਾ ਵਧੇਰੇ ਤਾਪਮਾਨ ਕਾਰਨ ਝਾੜ ਘੱਟ ਸਕਦਾ ਹੈ।