ਅੰਮ੍ਰਿਤਸਰ : ਸ਼ਿਵ ਸੈਨਾ ਪੰਜਾਬ ਪ੍ਰਧਾਨ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਲਗਾਤਾਰ ਪੰਜਾਬ ਦਾ ਮਾਹੌਲ ਤਲਖੀ ਭਰਿਆ ਹੋ ਰਿਹਾ ਹੈ। ਲਗਾਤਾਰ ਬਿਆਨਬਾਜੀਆਂ ਸਾਹਮਣੇ ਆ ਰਹੀਆਂ ਹਨ। ਇਸੇ ਦਰਮਿਆਨ ਹੁਣ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਘਟਨਾ ਦੀ ਜ਼ਮੀਨੀ ਹਕੀਕਤ ਤੋਂ ਜਾਣੂ ਕਰਵਾਇਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਘਟਨਾ ਗੋਪਾਲ ਮੰਦਰ ਦੇ ਕੋਲ ਵਾਪਰੀ। ਜਿੱਥੇ ਗੋਲੀਆਂ ਲੱਗਣ ਤੋਂ ਬਾਅਦ ਸੂਰੀ ਨੂੰ ਹਸਪਤਾਲ ਪਹੁੰਚਾਇਆ ਗਿਆ।
ਡੀਜੀਪੀ ਨੇ ਦੱਸਿਆ ਕਿ ਇਸ ਕੇਸ ‘ਚ ਧਾਰਾ 302 ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਦੀ ਪਹਿਚਾਣਾ ਸੰਦੀਪ ਸਿੰਘ ਸੰਨੀ ਵਜੋਂ ਹੋਈ ਹੈ। ਡੀਜੀਪੀ ਮੁਤਾਬਿਕ ਪੁਲਿਸ ਵੱਲੋਂ ਮੁਲਜ਼ਮ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪਿੱਛੇ ਕਿਸੇ ਦਾ ਵੀ ਹੱਥ ਕਿਉਂ ਨਾ ਹੋਵੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।
ਇਸ ਮੌਕੇ ਬੋਲਦਿਆਂ ਡੀਜੀਪੀ ਵੱਲੋਂ ਪੰਜਾਬੀਆਂ ਨੂੰ ਅਮਨ ਕਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੀ ਅਪੀਲ ਕੀਤੀ ਗਈ ਹੈ। ਡੀਜੀਪੀ ਨੇ ਦੱਸਿਆ ਕਿ ਸ਼ਿਵ ਸੈਨਾ ਆਗੂ ਵੱਲੋਂ ਗੋਪਾਲ ਮੰਦਰ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਇਹ ਘਟਨਾ ਵਾਪਰੀ।