ਵਰਲਡ ਡੈਸਕ :– ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਬਿਆਨ ਤੋਂ ਭੜਕੇ ਉੱਤਰੀ ਕੋਰੀਆ ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਟਿੱਪਣੀਆਂ ਉਕਸਾਵੇ ਵਾਲੀਆਂ ਹਨ। ਬਾਇਡਨ ਨੇ ਉੱਤਰੀ ਕੋਰੀਆ ਦੇ ਹਾਲੀਆ ਮਿਜ਼ਾਈਲ ਤਜਰਬਿਆਂ ਦੀ ਆਲੋਚਨਾ ਕੀਤੀ ਸੀ ਅਤੇ ਇਹ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਸ ਨੇ ਤਣਾਅ ਵਧਾਇਆ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੇ।
ਉੱਤਰੀ ਕੋਰੀਆ ਦੇ ਸੀਨੀਅਰ ਅਧਿਕਾਰੀ ਰੀ ਪਿਓਂਗ ਚੋਲ ਵੱਲੋਂ ਕਿਹਾ ਗਿਆ ਕਿ ਰਾਸ਼ਟਰਪਤੀ ਬਾਇਡਨ ਦੀਆਂ ਟਿੱਪਣੀਆਂ ਭੜਕਾਊ ਤੇ ਉੱਤਰੀ ਕੋਰੀਆ ਦੀ ਆਤਮ ਰੱਖਿਆ ਦੇ ਅਧਿਕਾਰਾਂ ‘ਤੇ ਹਮਲਾ ਹਨ। ਉੱਤਰੀ ਕੋਰੀਆ ਆਪਣੀ ਫ਼ੌਜੀ ਤਾਕਤ ਵਧਾਉਣ ਲਈ ਕਦਮ ਵਧਾਉਣਾ ਜਾਰੀ ਰੱਖੇਗਾ।
ਦੱਸ ਦਈਏ ਬਾਇਡਨ ਨੇ ਬੀਤੇ ਵੀਰਵਾਰ ਨੂੰ ਕਿਹਾ ਸੀ ਕਿ ਅਸੀਂ ਆਪਣੇ ਸਹਿਯੋਗੀ ਦੇਸ਼ਾਂ ਨਾਲ ਵਿਚਾਰ-ਵਟਾਂਦਰਾ ਕਰ ਰਹੇ ਹਾਂ। ਜੇਕਰ ਉਨ੍ਹਾਂ ਨੇ ਤਣਾਅ ਦੇ ਰਸਤੇ ਨੂੰ ਅਪਣਾਇਆ ਤਾਂ ਅਸੀਂ ਉਸੇ ਅਨੁਸਾਰ ਜਵਾਬ ਦਿਆਂਗੇ।
ਉੱਤਰੀ ਕੋਰੀਆ ਨੇ ਬੀਤੇ ਵੀਰਵਾਰ ਨੂੰ ਨਵੀਆਂ ਗਾਈਡਿਡ ਮਿਜ਼ਾਈਲਾਂ ਦਾ ਤਜਰਬਾ ਕੀਤਾ ਸੀ। ਕੇਸੀਐੱਨਏ ਨੇ ਦੱਸਿਆ ਸੀ ਕਿ ਦੋ ਗਾਈਡਿਡ ਮਿਜ਼ਾਈਲਾਂ ਵੀਰਵਾਰ ਨੂੰ ਨਿਸ਼ਾਨਾ ਲਗਾਉਣ ਵਿਚ ਪੂਰੀ ਤਰ੍ਹਾਂ ਸਫਲ ਰਹੀਆਂ ਜਦਕਿ ਜਾਪਾਨੀ ਅਧਿਕਾਰੀਆਂ ਨੇ ਦੱਸਿਆ ਸੀ ਕਿ ਉੱਤਰੀ ਕੋਰੀਆ ਨੇ ਦੋ ਬੈਲਿਸਟਿਕ ਮਿਜ਼ਾਈਲਾਂ ਦਾ ਤਜਰਬਾ ਕੀਤਾ। ਮਾਹਿਰਾਂ ਦਾ ਮੰਨਣਾ ਹੈ ਕਿ ਉੱਤਰੀ ਕੋਰੀਆ ਬਾਇਡਨ ਪ੍ਰਸ਼ਾਸਨ ‘ਤੇ ਦਬਾਅ ਬਣਾਉਣ ਲਈ ਇਸ ਤਰ੍ਹਾਂ ਦੀ ਹਰਕਤ ਕਰ ਰਿਹਾ ਹੈ ਤਾਂਕਿ ਆਉਣ ਵਾਲੇ ਸਮੇਂ ਵਿਚ ਦੋਵਾਂ ਦੇਸ਼ਾਂ ਵਿਚਾਲੇ ਕਿਸੇ ਤਰ੍ਹਾਂ ਦੀ ਗੱਲਬਾਤ ਹੋਣ ‘ਤੇ ਫ਼ਾਇਦਾ ਉਠਾਇਆ ਜਾ ਸਕੇ। ਹਾਲਾਂਕਿ ਦੋਵਾਂ ਦੇਸ਼ਾਂ ਵਿਚਾਲੇ ਸਾਲ 2019 ਤੋਂ ਪਰਮਾਣੂ ਵਾਰਤਾ ਰੁਕੀ ਹੋਈ ਹੈ।