ਚੰਡੀਗੜ੍ਹ: ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਪੰਜਾਬ ‘ਚ ਲਗਾਤਾਰ ਸੰਘਰਸ਼ ਕਰ ਰਹੀਆਂ ਹਨ। ਜਿਸ ਕਾਰਨ ਹੁਣ ਪੰਜਾਬ ਬਿਜਲੀ ਸੰਕਟ ਵੱਲ ਵਧਦਾ ਜਾ ਰਿਹਾ ਹੈ। ਪੀਐਸਪੀਸੀਐਲ ਦੇ ਚੇਅਰਮੈਨ ਵੇਨੂੰ ਪ੍ਰਸਾਦ ਨੇ ਖ਼ਦਸ਼ਾ ਜ਼ਾਹਰ ਕੀਤਾ ਹੈ ਕਿ ਜੇਕਰ ਅੰਦੋਲਨ ਖਤਮ ਨਹੀਂ ਹੁੰਦਾ ਤਾਂ ਪੰਜਾਬ ਵਿੱਚ ਦੋ ਦਿਨਾਂ ਦੇ ਅੰਦਰ ਅੰਦਰ ਕੋਲਾ ਸਮਾਪਤ ਹੋ ਜਾਵੇਗਾ।
ਵੇਨੂ ਪ੍ਰਸਾਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਵਿੱਚ ਕੁੱਲ ਪੰਜ ਥਰਮਲ ਪਲਾਂਟਾਂ ‘ਚੋਂ ਚਾਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਸਿਰਫ ਇਕ ਹੀ ਪਲਾਂਟ ‘ਚ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਬਿਜਲੀ ਦੀ ਪੂਰਤੀ ਕਰਨ ਲਈ ਨੈਸ਼ਨਲ ਗਰਿੱਡ ਤੋਂ ਤਿੰਨ ਹਜ਼ਾਰ ਮੈਗਾਵਾਟ ਬਿਜਲੀ ਖਰੀਦੀ ਜਾ ਰਹੀ ਹੈ। ਜਿਸ ਨਾਲ ਪੰਜਾਬ ਸਰਕਾਰ ‘ਤੇ ਆਰਥਿਕ ਬੋਝ ਪੈ ਰਿਹਾ ਹੈ।
ਕਿਉਂਕਿ ਪੰਜਾਬ ਸਰਕਾਰ ਨੂੰ ਰੋਜ਼ਾਨਾ 10 ਤੋਂ 12 ਕਰੋੜ ਰੁਪਏ ਦੀ ਬਿਜਲੀ ਨੈਸ਼ਨਲ ਗਰਿੱਡ ਤੋਂ ਖਰੀਦਣੀ ਪੈ ਰਹੀ ਹੈ ਅਤੇ ਦੂਸਰੇ ਪਾਸੇ ਬਿਜਲੀ ਵਿਭਾਗ ਕੋਲ ਪੈਸੇ ਵੀ ਨਹੀਂ ਹਨ। ਇਸ ਲਈ ਪੀਐੱਸਪੀਸੀਐੱਲ ਨੇ ਪੰਜਾਬ ਸਰਕਾਰ ਨੂੰ 500 ਕਰੋੜ ਰੁਪਏ ਦਾ ਲੋਨ ਦੇਣ ਲਈ ਅਪੀਲ ਕੀਤੀ ਹੈ। ਪੀਐਸਪੀਸੀਐਲ ਦੇ ਚੇਅਰਮੈਨ ਵੇਨੂ ਪ੍ਰਸਾਦ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਆਪਣਾ ਧਰਨੇ ਦਾ ਤਰੀਕਾ ਬਦਲ ਕੇ ਕੋਈ ਹੋਰ ਸੰਘਰਸ਼ ਦਾ ਰਾਹ ਅਪਨਾਉਣ ਤਾਂ ਜੋ ਪੰਜਾਬ ਬਿਜਲੀ ਸੰਕਟ ਵੱਲ ਨਾ ਵਧ ਸਕੇ।