ਚੰਡੀਗੜ੍ਹ: ਖੇਤੀ ਕਾਲੇ ਕਾਨੂੰਨਾਂ ਅਤੇ ਕਿਸਾਨ ਅੰਦੋਲਨ ਨੂੰ ਲੈਕੇ ਸਿਆਸਤਦਾਨਾਂ ਵੱਲੋਂ ਇਕ- ਦੂਜੇ ਵਿਰੁਧ ਮੜੇ ਜਾ ਰਹੇ ਦੋਸ਼ਾਂ ਅਤੇ ਉਨ੍ਹਾ ਵਿਚਕਾਰ ਚੱਲ ਰਹੀ ਸ਼ਬਦਾਂ ਦੀ ਜੰਗ ‘ਤੇ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਸੀਨੀਅਰ ਆਗੂ, ਲਹਿਰਾ ਤੋਂ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਇਹ ਸਮਾਂ ਆਪਸੀ ਬਿਆਨਬਾਜੀ ਕਰਕੇ ਸਿਆਸਤ ਕਰਨ ਦਾ ਨਹੀ ਹੈ, ਸਗੋਂ ਇਸ ਠੰਢ ਦੇ ਮੌਸਮ ਵਿਚ ਸੜਕਾਂ ‘ਤੇ ਅਪਣੇ ਹੱਕਾਂ ਲਈ ਅੰਦੋਲਨ ਕਰ ਰਹੇ ਅਨੰਦਾਤੇ ਨਾਲ ਖੜ੍ਹਨ ਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਵਿਚ ਸੂਬਾ ਸਰਕਾਰ ਅਤੇ ਸਿਆਸੀ ਪਾਰਟੀਆਂ ਇਕ- ਦੂਜੇ ਵਿਰੁਧ ਦੋਸ਼ ਮੜਨ ਦੇ ਬਜਾਏ ਅਪਣਾ ਧਿਆਨ ਕਿਸਾਨ ਅੰਦੋਲਨ ‘ਤੇ ਕੇਂਦਰਤ ਕਰਨ ਤਾਂਕਿ ਕਿਸਾਨਾਂ ਨੂੰ ਇਸ ਸੰਘਰਸ਼ ਵਿਚ ਜਿੱਤ ਪ੍ਰਾਪਤ ਹੋ ਸਕੇ।
ਢੀਂਡਸਾ ਨੇ ਕਿਹਾ ਕਿ ਹਾਲ ਹੀ ਵਿਚ ਕਾਲੇ ਕਾਨੂੰਨਾਂ ਨੂੰ ਲੈਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਿਆਨ ਸਾਹਮਣੇ ਆਏ ਸਨ। ਜੋਕਿ ਮੁਸ਼ਕਲ ਦੀ ਇਸ ਘੜੀ ਵਿਚ ਨਹੀ ਦਿਤੇ ਜਾਣੇ ਚਾਹੀਦੇ ਸਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਅਪਣੀ ਨਾਕਾਮੀ ਨੂੰ ਲੁਕਾਉਣ ਲਈ ਬੁਖਲਾਹਟ ਵਿੱਚ ਆਕੇ ਹੁਣ ਹਲਕੀ ਰਾਜਨਿਤੀ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਸੱਚ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਅਪਣੇ ਆਪ ਨੂੰ ਕਿਸਾਨਾਂ ਦੇ ਹਿਤੈਸ਼ੀ ਮੰਨਦੇ ਹਨ ਤਾਂ ਸ਼ਬਦਾਂ ਦੀ ਜੰਗ ਛੱਡ ਕੇ ਜ਼ਮੀਨੀ ਪੱਧਰ ਤੇ ਕਿਸਾਨਾਂ ਨਾਲ ਜੁੜਨ ਅਤੇ ਇਸ ਅੰਦੋਲਨ ਵਿਚ ਖੁਦ ਆਕੇ ਸ਼ਾਮਿਲ ਹੋਣ। ਉਨ੍ਹਾਂ ਕਿਹਾ ਕਿ ਕੇਵਲ ਦਫ਼ਤਰਾਂ ਵਿਚ ਬੈਠ ਕੇ ਬਿਆਨ ਜਾਰੀ ਕਰਨ ਨਾਲ ਕਿਸਾਨਾਂ ਦਾ ਭਲਾ ਹੋਣ ਵਾਲਾ ਨਹੀ ਹੈ, ਸਗੋਂ ਇਸ ਅੰਦੋਲਨ ਵਿਚ ਖੁਦ ਸ਼ਮੂਲੀਅਤ ਕਰਕੇ ਕੇਂਦਰ ਸਰਕਾਰ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰਨ ਨਾਲ ਹੀ ਕਿਸਾਨ ਸੁੱਖੀ ਹੋ ਸਕਦੇ ਹਨ ਅਤੇ ਕਿਸਾਨ ਵਿਰੋਧੀ ਇਨ੍ਹਾ ਕਾਲੇ ਕਾਨੂੰਨਾਂ ਨੂੰ ਰੱਦ ਕਰਾਇਆ ਜਾ ਸਕਦਾ ਹੈ। ਢੀਂਡਸਾ ਨੇ ਕਿਹਾ ਕਿ ਇਸ ਸਮੇਂ ਆਪਸੀ ਮੱਤਭੇਦ ਭੱਲਾ ਕੇ ਸਭ ਨੂੰ ਇਕਜੁੱਟ ਹੋਕੇ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ। ਢੀਂਡਸਾ ਨੇ ਕਿਹਾ ਕਿ ਉਨ੍ਹਾ ਦੀ ਪਾਰਟੀ ਇਸ ਸੰਘਰਸ਼ ਵਿਚ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ।