Home / ਓਪੀਨੀਅਨ / ਸੱਤਾ, ਗਿਆਨ ਤੇ ਧਾਰਮਿਕ ਪਾਖੰਡਾਂ ’ਤੇ ਚੋਟ

ਸੱਤਾ, ਗਿਆਨ ਤੇ ਧਾਰਮਿਕ ਪਾਖੰਡਾਂ ’ਤੇ ਚੋਟ

ਗੁਰੂ ਨਾਨਕ ਸਾਹਿਬ ਨੇ ਫੁਰਮਾਇਆ ਸੀ:-

ਪੰਡਿਤ ਵਾਚਹਿ ਪੋਥੀਆ ਨਾ ਬੂਝਹਿ ਵੀਚਾਰੁ।

ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ।

ਕਥਨੀ ਝੂਠੀ ਜਗੁ ਭਵੈ ਰਹਣੀ ਸਬਦੁ ਸੁ ਸਾਰੁ॥

(ਅੰਗ-56) ਪੰਡਤ ਲੋਕ ਧਾਰਮਿਕ ਪੁਸਤਕਾਂ ਪੜਦੇ ਹਨ ਪਰ ਅੰਦਰੋਂ ਗੁਣ-ਹੀਨ ਹੋਣ ਕਰਕੇ ਉਨਾਂ ਪੁਸਤਕਾਂ ਵਿਚਲੇ ਵਿਚਾਰ ਨਹੀਂ ਸਮਝਦੇ। ਹੋਰਨਾਂ ਨੂੰ ਹੀ ਮੱਤਾਂ ਦੇ ਕੇ ਦੁਨੀਆ ਤੋਂ ਚਲੇ ਜਾਂਦੇ ਹਨ। ਉਨਾਂ ਦਾ ਇਹ ਸਾਰਾ ਉੱਦਮ ਮਾਇਆ ਕਮਾਉਣ ਲਈ ਸਿਰਫ਼ ਇਕ ਵਪਾਰ ਹੀ ਬਣਿਆ ਰਹਿ ਜਾਂਦਾ ਹੈ।

ਕੇਤੇ ਪੰਡਿਤ ਜੋਤਕੀ ਬੇਦਾ ਕਰਹਿ ਬੀਚਾਰੁ।

ਵਾਦਿ ਵਿਰੋਧਿ ਸਲਾਹਣੇ ਵਾਦੇ ਆਵਣੁ ਜਾਣੁ।

ਬਿਨੁ ਗੁਰ ਕਰਮ ਨ ਛੁਟਸੀ ਕਹਿ ਸੁਣਿ ਆਖਿ ਵਖਾਣੁ॥

(ਅੰਗ 56)

ਅਨੇਕਾਂ ਹੀ ਪੰਡਤ ਤੇ ਜੋਤਸ਼ੀ ਵੇਦ ਤੇ ਮੰਤ੍ਰਾਂ ਨੂੰ ਉਚਾਰਦੇ ਹਨ, ਆਪੋ ਵਿਚ ਮਤ-ਭੇਦ ਹੋਣ ਕਾਰਨ ਚਰਚਾ ਕਰਦੇ ਹਨ ਤੇ ਵਿਦਵਤਾ ਕਾਰਨ ਵਾਹ-ਵਾਹ ਅਖਵਾਉਂਦੇ ਹਨ, ਪਰ ਨਿਰੇ ਇਸ ਮਤਭੇਦ ਵਿਚ ਰਹਿ ਕੇ ਹੀ ਉਨਾਂ ਦਾ ਜਨਮ ਮਰਨ ਬਣਿਆ ਰਹਿੰਦਾ ਹੈ। ਕੋਈ ਵੀ ਮਨੁੱਖ ਨਿਰਾ ਵਖਿਆਨ ਕਰ ਕੇ ਜਾਂ ਸੁਣ ਕੇ ਖਲਾਸੀ ਹਾਸਲ ਨਹੀਂ ਕਰ ਸਕਦਾ। ਹਉਮੈ ਜਾਂ ਅਹੰਕਾਰ ਛੱਡ ਕੇ ਗੁਰੂ ਦੀ ਸਰਨ ਪੈ ਕੇ ਗੁਰੂ ਦੀ ਬਖ਼ਸ਼ਿਸ ਹਾਸਲ ਕੀਤੀ ਜਾ ਸਕਦੀ ਹੈ। ਉਨਾਂ ਸਮਿਆਂ ਵਿਚ ਧਾਰਮਿਕ ਪਾਖੰਡਾਂ ਦਾ ਅਜਿਹਾ ਕ੍ਰਾਂਤੀਕਾਰੀ ਢੰਗ ਨਾਲ ਕੀਤਾ ਵਿਰੋਧ ਕਿਤੇ ਹੋਰ ਨਜ਼ਰੀਂ ਨਹੀਂ ਆਉਂਦਾ।

ਦੁਨੀਆ ਦੇ ਹਰ ਹਿੱਸੇ ਵਿਚ ਕੋਈ ਨਾ ਕੋਈ ਹੋਰਨਾਂ ਨੂੰ ਕੀਲਣ ਵਿਚ ਮਾਹਿਰ ਮੰਨ ਲਿਆ ਗਿਆ ਹੈ। ਧਰਮ ਨੂੰ ਤਾਂ ਵੈਸੇ ਵੀ ਅਫ਼ੀਮ ਵਾਂਗ ਕਈ ਸਦੀਆਂ ਤੋਂ ਵਰਤ ਕੇ ਆਪਣਾ ਉੱਲੂ ਸਿੱਧਾ ਕੀਤਾ ਜਾਂਦਾ ਰਿਹਾ ਹੈ।

ਗੁਰੂ ਨਾਨਕ ਸਾਹਿਬ ਜੀ ਨੇ ਸੈਂਕੜੇ ਸਾਲਾਂ ਤੋਂ ਲੋਕਾਂ ਵਿਚ ਪੱਕਾ ਕੀਤਾ ਗਿਆ ਇੱਕ ਵਿਸ਼ਵਾਸ ਤੋੜਿਆ। ਉਹ ਵਿਸ਼ਵਾਸ ਸੀ ਕਿ ਰਾਜੇ ਨੂੰ ਰਬ ਜਾਂ ਦੇਵਤਿਆਂ ਵੱਲੋਂ ਲੋਕਾਂ ’ਤੇ ਰਾਜ ਕਰਨ ਦਾ ਅਧਿਕਾਰ ਹੁੰਦਾ ਹੈ। ਦੁਖ ਹੋਵੇ ਤੇ ਭਾਵੇਂ ਸੁਖ, ਅਮੀਰੀ ਹੋਵੇ ਜਾਂ ਗ਼ਰੀਬੀ, ਖ਼ੁਸ਼ੀ-ਗਮੀ, ਬਿਮਾਰੀ-ਤੰਦਰੁਸਤੀ, ਤਰੱਕੀ-ਬਰਬਾਦੀ, ਸੋਕਾ-ਹੜ, ਜਨਮ-ਮੌਤ ਆਦਿ ਸਭ ਕੁੱਝ ਸਿਰਫ਼ ਦੇਵੀ ਦੇਵਤਿਆਂ ਦੇ ਵਸ ਹੁੰਦੇ ਹਨ ਤੇ ਲੋਕਾਂ ਨੂੰ ਆਪਣਾ ਨਸੀਬ ਮੰਨ ਕੇ ਸਿਰ ਝੁਕਾ ਕੇ ਸਹਿਣ ਕਰਨਾ ਚਾਹੀਦਾ ਹੈ। ਇਸ ਵਿਸ਼ਵਾਸ ਨੂੰ ਪੱਕਾ ਕਰਦੇ ਰਹਿਣ ਵਿਚ ਰਾਜ ਕਰਨ ਵਾਲਿਆਂ ਤੇ ਧਰਮ ਦੇ ਮੋਢੀਆਂ ਦੀ ਆਪਸੀ ਮਿਲੀਭੁਗਤ ਹੁੰਦੀ ਸੀ। ਦੋਵੇਂ ਇਕ ਦੂਜੇ ਦੀ ਚੌਧਰ ਬਣਾਈ ਰੱਖਣ ਲਈ ਤੇ ਲੋਕਾਂ ਨੂੰ ਇਕਜੁੱਟ ਹੋਣ ਤੋਂ ਰੋਕਣ ਲਈ ਜਾਤ-ਪਾਤ ਦਾ ਰੇੜਕਾ ਵੀ ਪਾਈ ਰੱਖਦੇ ਸਨ।

ਰਾਜੇ ਮਹਾਰਾਜੇ ਆਮ ਲੋਕਾਂ ਨੂੰ ਨਪੀੜ ਕੇ ਆਪਣੇ ਐਸ਼ੋ ਆਰਾਮ ਲਈ ਢੰਗ ਕੱਢਦੇ ਰਹਿੰਦੇ ਤੇ ਧਾਰਮਿਕ ਮੋਢੀ ਉਸੇ ਜ਼ੁਲਮ ਨੂੰ ਸਹਿਣ ਕਰਨ ਲਈ ਪਕਿਆਈ ਕਰਦੇ ਕਿ ਇਹੀ ਉਨਾਂ ਦਾ ਨਸੀਬ ਹੈ।

ਇਸ ਵਿਸ਼ਵਾਸ ਨੂੰ ਤੋੜਨ ਲਈ ਗੁਰੂ ਸਾਹਿਬ ਨੇ ਤਰਕ ਦਾ ਹਵਾਲਾ ਦੇ ਕੇ ਸਮਝਾਇਆ ਕਿ ਹੋਰਨਾਂ ਨੂੰ ਮੱਤਾਂ ਦੇਣ ਵਾਲੇ ਦਰਅਸਲ ਧਰਮ ਦੀ ਓਟ ਵਿਚ ਵੀ ਵਪਾਰ ਹੀ ਕਰ ਰਹੇ ਹੁੰਦੇ ਹਨ ਕਿਉਂਕਿ ਉਨਾਂ ਦਾ ਹੰਕਾਰ ਉਨਾਂ ਨੂੰ ਗੁਣ ਹੀਣ ਬਣਾ ਦਿੰਦਾ ਹੈ।

ਉਨਾਂ ਇਹ ਵੀ ਉਚਾਰਿਆ ਕਿ ਜੇ ਮਨੁੱਖ ਵਿਦਵਾਨ ਵੀ ਹੋਵੇ ਤੇ ਚਤੁਰਾਈ ਦੀਆਂ ਗੱਲਾਂ ਵੀ ਕਰਦਾ ਹੋਵੇ ਪਰ ਆਪਣੀ ਤਿ੍ਰਸ਼ਨਾ ਨਾ ਮਿਟਾ ਸਕੇ ਤਾਂ ਉਸ ਨੂੰ ਪ੍ਰਭੂ ਦੇ ਨਾਮ ਤੋਂ ਬਿਨਾਂ ਸਿਰਫ਼ ਕੂੜ ਦਾ ਵੀ ਵਪਾਰੀ ਮੰਨਣਾ ਚਾਹੀਦਾ ਹੈ ਤੇ ਅਜਿਹਾ ਬੰਦਾ ਮੂਧੇ ਮੂੰਹ ਡਿੱਗਦਾ ਹੈ।

ਪੜਿਆ ਲੇਖੇਦਾਰੁ ਲੇਖਾ ਮੰਗੀਐ

ਵਿਣੁ ਨਾਵੈ ਕੂੜਿਆਰੁ ਅਉਖਾ ਤੰਗੀਐ

(ਅੰਗ 1288)

ਸਿਰਫ਼ ਏਥੇ ਹੀ ਬਸ ਨਹੀਂ ਕੀਤੀ। ਗੁਰੂ ਸਾਹਿਬ ਨੇ ਹੋਰ ਵੀ ਤਾਕੀਦ ਕੀਤੀ ਕਿ ਰਾਜ, ਧਨ, ਸੁੰਦਰਤਾ, ਉੱਚੀ ਜਾਤ ਤੇ ਜਵਾਨੀ-ਇਹ ਪੰਜੋ ਵੀ ਠੱਗ ਹੀ ਹਨ ਜੋ ਜਗਤ ਨੂੰ ਠੱਗਦੇ ਹਨ ਤੇ ਇਨਾਂ ਦੇ ਅੱਡੇ ਚੜਿਆ ਮਨੁੱਖ ਕਦੇ ਆਪਣੀ ਇੱਜ਼ਤ ਨਹੀਂ ਬਚਾ ਸਕਦਾ।

ਰਾਜ ਮਾਲੁ ਰੂਪੁ ਜਾਤਿ ਜੋਬਨੁ ਪੰਜੇ ਠਗ॥

ਏਨੀ ਠਗੀਂ ਜਗੁ ਠਗਿਆ ਕਿਨੈ ਨ ਰਖੀ ਲਜ॥

(ਅੰਗ 1288)

ਰਾਜ ਕਰਨ ਵਾਲਿਆਂ ਉੱਤੇ ਜ਼ਬਰਦਸਤ ਚੋਟ ਕਰਦਿਆਂ ਜਿਸ ਕ੍ਰਾਂਤੀਕਾਰੀ ਢੰਗ ਨਾਲ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਨੇ ਹਲੂਣਿਆ, ਉਹ ਬੇਮਿਸਾਲ ਹੈ। ਗੁਰੂ ਨਾਨਕ ਸਾਹਿਬ ਦਾ ਕਹਿਣਾ ਕਿ ਜਿਵੇਂ ਗਿਝਾਇਆ ਹੋਇਆ ਹਿਰਨ ਤੇ ਬਾਜ਼ ਆਪਣੇ ਹੀ ਜਾਤ-ਭਰਾਵਾਂ ਨੂੰ ਲਿਆ ਫਸਾਉਂਦਾ ਹੈ, ਉਸੇ ਤਰਾਂ ਅਹਿਲਕਾਰ ਆਪਣੇ ਹੀ ਹਮ-ਜਿਨਸ ਮਨੁੱਖਾਂ ਦਾ ਲਹੂ ਪੀਂਦਾ ਹੈ।

ਝੂਠ ਤੇ ਕਪਟ ਦਾ ਸਹਾਰਾ ਲੈ ਕੇ ਰਾਜ ਹਾਸਲ ਕਰਨ ਵਾਲੇ ਨਾਮ ਤੇ ਵਿਦਿਆ ਤੋਂ ਸੱਖਣੇ ਰਾਜੇ ਸ਼ੇਰ ਵਾਂਗ ਹੁੰਦੇ ਹਨ ਜਿਨਾਂ ਦੇ ਅਹਿਲਕਾਰ ਕੁੱਤਿਆਂ ਵਾਂਗ ਹੁੰਦੇ ਹਨ ਜੋ ਲੋਕਾਂ ਨੂੰ ਵੇਲੇ ਕੁਵੇਲੇ ਜਗਾ ਕੇ ਤੰਗ ਕਰਦੇ ਹਨ। ਇਹ ਅਹਿਲਕਾਰ ਸ਼ੇਰਾਂ ਦੀਆਂ ਨਹੁੰਦਰਾਂ ਵਾਂਗ ਹੁੰਦੇ ਹਨ ਜੋ ਲੋਕਾਂ ਦਾ ਘਾਤ ਲਾ ਕੇ ਸ਼ਿਕਾਰ ਕਰਦੇ ਹਨ। ਰਾਜੇ ਸ਼ੀਂਹ ਮੁਕੱਦਮ ਕੁੱਤਿਆਂ ਰਾਹੀਂ ਜ਼ੁਲਮ ਢਾਅ ਕੇ ਲੋਕਾਂ ਦਾ ਲਹੂ ਪੀਂਦੇ ਹਨ। ਪਰ, ਜਦੋਂ ਰਬ ਦੇ ਦਰਬਾਰ ਵਿਚ ਇਨਾਂ ਲੋਕਾਂ ਦੀ ਪਰਖ ਹੁੰਦੀ ਹੈ ਤਾਂ ਇਹ ਬੇ-ਇਤਬਾਰੇ ਲੋਕ ਨੱਕ ਵੱਢੇ ਸਮਝੇ ਜਾਂਦੇ ਹਨ।

ਰਾਜੇ ਸੀਹ ਮੁਕਦਮ ਕੁਤੇ॥

ਜਾਇ ਜਗਾਇਨਿ ਬੈਠੇ ਸੁਤੇ॥

ਚਾਕਰ ਨਹਦਾ ਪਾਇਨਿ ਘਾਉ॥

ਰਤੁ ਪਿਤੁ ਕੁਤਿਹੋ ਚਟਿ ਜਾਹੁ॥

(ਅੰਗ 1288)

ਗੁਰੂ ਨਾਨਕ ਸਾਹਿਬ ਦੀ ਵੰਗਾਰ ਏਥੇ ਰੁਕੀ ਨਹੀਂ। ਇਹ ਅੱਗੇ ਵੀ ਤੁਰੀ। ਗੁਰੂ ਅੰਗਦ ਦੇਵ ਜੀ ਨੇ ਵੀ ਬਚਨ ਕੀਤੇ ਕਿ ਇੱਥੇ ਕੰਗਾਲ ਦਾ ਨਾਂ ਬਾਦਸ਼ਾਹ ਰੱਖਿਆ ਜਾਂਦਾ ਹੈ, ਮੂਰਖ ਦਾ ਨਾਂ ਪੰਡਿਤ ਤੇ ਅੰਨੇ ਨੂੰ ਪਾਰਖੂ ਰਖ ਕੇ ਜਗਤ ਪੁੱਠੀਆਂ ਗੱਲਾਂ ਕਰਦਾ ਹੈ। ਸ਼ਰਾਰਤ ਕਰਨ ਵਾਲੇ ਨੂੰ ਚੌਧਰੀ ਮੰਨ ਲਿਆ ਜਾਂਦਾ ਹੈ ਤੇ ਝੂਠੀ ਔਰਤ ਸਭ ਤੋਂ ਅੱਗੇ ਥਾਂ ਮੱਲ ਕੇ ਪ੍ਰਧਾਨ ਬਣਦੀ ਹੈ। ਇਹ ਕਲਯੁਗ ਦਾ ਨਿਆਂ ਹੈ। ਸਿਰਫ਼ ਗੁਰੂ ਦੀ ਸ਼ਰਨ ਪੈਣ ਵਾਲੇ ਨੂੰ ਹੀ ਇਸ ਸਾਰੇ ਤਾਣੇ ਬਾਣੇ ਦੀ ਸਮਝ ਪੈਂਦੀ ਹੈ। ਬਾਕੀ ਲੋਕ ਇਸੇ ਰਵਈਏ ਦੇ ਆਦੀ ਬਣੇ ਰਹਿੰਦੇ ਹਨ।

ਨਾਉ ਫਕੀਰੈ ਪਾਤਿਸਾਹੁ ਮੂਰਖ ਪੰਡਿਤੁ ਨਾਉ॥

ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਉ॥

ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ॥

ਨਾਨਕ ਗੁਰਮੁਖਿ ਜਾਣੀਐ ਕਲਿ ਕਾ ਏਹੁ ਨਿਆਉ॥

(ਅੰਗ 1288)

ਚੁਫ਼ੇਰੇ ਫੈਲਾਈ ਰਾਜਿਆਂ ਵੱਲੋਂ ਜ਼ੁਲਮ ਕਰਨ ਦੇ ਅਧਿਕਾਰ ਵਾਲੀ ਸੋਚ ਨੂੰ ਤਾਰ ਤਾਰ ਕਰਦਿਆਂ ਗੁਰੁ ਨਾਨਕ ਸਾਹਿਬ ਨੇ ਦੱਬੇ ਕੁਚਲੇ ਲੋਕਾਂ ਨੂੰ ਆਪਣੀ ਕਿਸਮਤ ਆਪ ਬਣਾਉਣ ਦਾ ਢੰਗ ਸਮਝਾਇਆ। ਜਬਰ ਤੇ ਜ਼ੁਲਮ ਦਾ ਵਿਰੋਧ ਕਰ ਕੇ ਆਪਣੇ ਹੱਕਾਂ ਦੀ ਰਾਖੀ ਤੇ ਹੋਰਨਾਂ ਦੇ ਮਨੁੱਖੀ ਅਧਿਕਾਰਾਂ ਲਈ ਵੀ ਆਵਾਜ਼ ਚੁੱਕਣ ਲਈ ਪ੍ਰੇਰਿਆ। ਆਪਣੀ ਕਿਸਮਤ ਉੱਤੇ ਬਹਿ ਕੇ ਝੂਰਨ ਨਾਲੋਂ ਕਿਰਤ ਕਰ ਕੇ ਚੜਦੀ ਕਲਾ ਵਿਚ ਰਹਿ ਕੇ ਜੀਉਣ ਦਾ ਢੰਗ ਦੱਸਿਆ।

ਸੱਤਾ ਦੀ ਚੌਧਰ ਖ਼ਤਮ ਕਰ ਕੇ ਸਭ ਨੂੰ ਰਬ ਦੇ ਬੱਚੇ ਮੰਨ ਕੇ ਹਰ ਕਿਸੇ ਅੰਦਰ ਰਬ ਦੇ ਵਾਸ ਬਾਰੇ ਸਮਝਾਇਆ ਕਿ ਸਾਰੇ ਸੁਤੰਤਰ ਹਨ। ਇਹ ਵੀ ਸਪਸ਼ਟ ਕੀਤਾ ਕਿ ਕਿਸੇ ਮਨੁੱਖ ਵੱਲੋਂ ਦੂਜੇ ਮਨੁੱਖ ਦੀ ਅਧੀਨਤਾ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਸਭ ਜੀਵਾਂ ਅੰਦਰ ਉਸੇ ਪ੍ਰਮਾਤਮਾ ਦੀ ਜੋਤੀ ਦਾ ਪ੍ਰਕਾਸ਼ ਹੈ ਪਰ ਇਸ ਜੋਤੀ ਦਾ ਗਿਆਨ ਗੁਰੂ ਦੀ ਸਿੱਖਿਆ ਨਾਲ ਹੁੰਦਾ ਹੈ।

ਸਭ ਮਹਿ ਜੋਤਿ ਜੋਤਿ ਹੈ ਸੋਇ

ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ

ਗੁਰ ਸਾਖੀ ਜੋਤਿ ਪਰਗਟੁ ਹੋਇ।

(ਅੰਗ 13)

ਤਾਕਤ ਦੇ ਨਸ਼ੇ ਵਿਚ ਅੰਨੇ ਹੋਇਆਂ ਨੂੰ ਵੀ ਗੁਰੂ ਨਾਨਕ ਸਾਹਿਬ ਨੇ ਚਾਨਣਾ ਪਾਇਆ ਕਿ ਭਾਵੇਂ ਖ਼ਾਨ ਕਹਾ ਲਵੋ, ਭਾਵੇਂ ਬਾਦਸ਼ਾਹ ਜਾਂ ਰਾਜਾ, ਨੌਕਰਾਂ ਚਾਕਰਾਂ ਨੂੰ ਝਿੜਕਾਂ ਵੀ ਦੇਣ ਜੋਗੇ ਹੋਵੇ ਪਰ ਤਾਕਤ ਦਾ ਇਹ ਵਿਖਾਵਾ ਸਭ ਨਾਸ ਹੋ ਜਾਣ ਵਾਲਾ ਹੈ। ਹੋਰ ਵੱਡੇ ਹੋ ਜਾਣ ਤੇ ਹੋਰ ਮਲਕੀਅਤਾਂ ਦੇ ਮਾਲਕ ਬਣ ਜਾਣ ਦੀ ਤਾਂਘ ਸਿਰਫ਼ ਗੁਰੂ ਦੇ ਸ਼ਬਦ ਵਿਚ ਜੁੜਨ ਨਾਲ ਹੀ ਮਨ ਵਿੱਚੋਂ ਨਿਕਲਦੀ ਹੈ। ਪ੍ਰਮਾਤਮਾ ਦੀ ਹੋਂਦ ਤੋਂ ਇਨਕਾਰੀ ਹੋਇਆ ਮਨੁੱਖ ਤੇ ਹਉਮੈ ਵਿਚ ਗੜੁੱਚ ਮਨੁੱਖ ਇਸੇ ਸੋਚ ਵਿਚ ਹੀ ਰੁਲਿਆ ਖ਼ਤਮ ਹੋ ਜਾਂਦਾ ਹੈ।

ਖਾਨੁ ਮਲੂਕੁ ਕਹਾਵਉ ਰਾਜਾ॥

ਅਬੇ ਤਬੇ ਕੂੜੇ ਹੈ ਪਾਜਾ॥

ਬਿਨੁ ਗੁਰ ਸਬਦ ਨ ਸਵਰਸਿ ਕਾਜਾ॥

(ਅੰਗ 225)

ਜਿਹੜਾ ਗਿਆਨ ਕਿਸੇ ਦਾ ਨੁਕਸਾਨ ਕਰੇ ਅਜਿਹੇ ਗਿਆਨ ਦਾ ਕੋਈ ਫਾਇਦਾ ਨਹੀਂ ਹੰੁਦਾ ਪਰ ਜਿਹੜੀ ਵਿਦਿਆ ਮਨੁੱਖ ਦਾ ਭਲਾ ਕਰੇ, ਅਜਿਹੀ ਵਿਦਿਆ ਨੂੰ ਪੜਾਉਣ ਵਾਲਾ ਹੀ ਵਿਦਵਾਨ ਮੰਨਣਾ ਚਾਹੀਦਾ ਹੈ। ਅਜਿਹਾ ਪਾਂਧਾ ਵਿਦਿਆ ਰਾਹੀਂ ਪ੍ਰਾਪਤ ਹੋਈ ਸ਼ਾਂਤੀ ਵਾਲੇ ਸੁਭਾਓ ਵਿਚ ਜੀਵਨ ਬਤੀਤ ਕਰਦਾ ਹੈ।

ਪਾਧਾ ਪੜਿਆ ਆਖੀਐ ਬਿਦਿਆ ਬਿਚਰੈ ਸਹਜਿ ਸੁਭਾਇ॥

(ਅੰਗ 937)

ਗੁਰੂ ਸਾਹਿਬ ਨੇ ਰਾਜ ਯੋਗ ਵਰਗੀ ਸੋਚ ਵੀ ਖੰਡਿਤ ਕੀਤੀ। ਉਦੋਂ ਆਮ ਹੀ ਧਾਰਨਾ ਸੀ ਕਿ ਰਾਜੇ ਦਾ ਪੁੱਤਰ ਹੀ ਅੱਗੋਂ ਰਾਜ ਕਰੇਗਾ ਭਾਵੇਂ ਨਖਿੱਧ ਹੀ ਕਿਉਂ ਨਾ ਹੋਵੇ। ਗੁਰੂ ਸਾਹਿਬ ਨੇ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਰਾਜ ਦੇ ਯੋਗ ਹੋਣ ਵਾਲੇ ਨੂੰ ਹੀ ਗੱਦੀ ਮਿਲਣੀ ਚਾਹੀਦੀ ਹੈ। ਜਿਹੜਾ ਲੋਕਾਂ ਦਾ ਲਹੂ ਚੂਸਦਾ ਹੋਵੇ, ਉਹ ਗੱਦੀ ਉੱਤੇ ਬਹਿਣ ਦੇ ਲਾਇਕ ਨਹੀਂ ਹੁੰਦਾ। ਜਿਸ ਤਰੀਕੇ ਦੀ ਆਵਾਜ਼ ਅਜਿਹੇ ਜ਼ੁਲਮ ਤੇ ਜ਼ਾਲਮ ਵਿਰੁੱਧ ਬੁਲੰਦ ਕੀਤੀ, ਉਹ ਵੀ ਬੇਮਿਸਾਲ ਹੈ।

ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ

ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ।

(ਅੰਗ 140)

ਜੇ ਕਪੜੇ ਨੂੰ ਲਹੂ ਲੱਗ ਜਾਵੇ ਤਾਂ ਅਸੀਂ ਉਸ ਨੂੰ ਵਰਤਦੇ ਨਹੀਂ। ਉਸ ਨੂੰ ਖ਼ਰਾਬ ਮੰਨ ਕੇ ਪਰਾਂ ਸੁੱਟ ਦਿੰਦੇ ਹਾਂ। ਭਲਾ ਫੇਰ ਅਜਿਹਾ ਇਨਸਾਨ ਜੋ ਲੋਕਾਂ ਦਾ ਲਹੂ ਪੀਂਦਾ ਹੋਵੇ, ਉਸ ਦਾ ਹਿਰਦਾ ਕਿਵੇਂ ਨਿਰਮਲ ਹੋ ਸਕਦਾ ਹੈ?

ਪੁਸ਼ਤ ਦਰ ਪੁਸ਼ਤ ਗੱਦੀ ਨਾ ਦੇਣ ਦੀ ਸੋਚ ਬਾਰੇ ਪ੍ਰੌੜਤਾ ਕਰਦਿਆਂ ਗੁਰੂ ਨਾਨਕ ਸਾਹਿਬ ਨੇ ਆਪਣੀ ਗੱਦੀ ਵੀ ਆਪਣੇ ਪੁੱਤਰ ਮੋਹ ਨੂੰ ਤਿਆਗ ਕੇ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ।

ਲੋਕਾਂ ਦੇ ਮਨਾਂ ਵਿੱਚੋਂ ਰਾਜਿਆਂ ਮਹਾਰਾਜਿਆਂ ਦਾ ਖੌਫ਼ ਖ਼ਤਮ ਕਰ ਕੇ ਸਿਰਫ਼ ਇੱਕੋ ਪ੍ਰਮਾਤਮਾ ਦੇ ਭੈਅ ਨੂੰ ਮੰਨਣ ਦਾ ਹੋਕਾ ਦਿੱਤਾ। ਗੁਰੂ ਸਾਹਿਬ ਨੇ ਕਿਹਾ ਦੁਨੀਆ ਦਾ ਡਰ ਸਹਿਮ ਦੂਰ ਕਰਨ ਦਾ ਢੰਗ ਹੀ ਇੱਕੋ ਹੈ ਕਿ ਪ੍ਰਮਾਤਮਾ ਦਾ ਡਰ ਤੇ ਅਦਬ ਮਨ ਵਿਚ ਵਸਾ ਲਿਆ ਜਾਵੇ। ਅਜਿਹੇ ਨਿਰਮਲ ਮਨੁੱਖ ਨੂੰ ਦੁਨੀਆ ਦੇ ਡਰ ਧਮਕਾ ਨਹੀਂ ਸਕਦੇ।

ਮਨ ਰੇ ਸਚੁ ਮਿਲੈ ਭਉ ਜਾਇ॥

ਭੈ ਬਿਨੁ ਨਿਰਭਉ ਕਿਉ ਥੀਐ

ਗੁਰਮੁਖਿ ਸਬਦਿ ਸਮਾਇ॥

(ਅੰਗ 18)

ਮਨ ਨੂੰ ਭੈਅ ਮੁਕਤ ਤਾਂ ਹੀ ਕੀਤਾ ਜਾ ਸਕਦਾ ਹੈ ਜੇ ਦੁਨੀਆਵੀ ਮੰਗਾਂ ਮੰਗਣੀਆਂ ਬੰਦ ਕੀਤੀਆਂ ਜਾਣ ਕਿਉਂਕਿ ਦੁਨੀਆਵੀ ਮੰਗ ਮੁੱਕਦੀ ਹੀ ਨਹੀਂ ਤੇ ਫਿਰ ਉਸ ਦੇ ਖੁੱਸਣ ਦੀ ਚਿੰਤਾ ਸਾਡੇ ਮਨ ਅੰਦਰ ਘਰ ਕਰ ਜਾਂਦੀ ਹੈ। ਅਜਿਹੇ ਮੰਗਣ ਨਾਲ ਸੁਖ ਕਦੇ ਹਾਸਲ ਨਹੀਂ ਹੁੰਦਾ।

ਕੇਤਾ ਆਖਣੁ ਆਖੀਐ ਆਖਣਿ ਤੋਟਿ ਨ ਹੋਇ॥

ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਇ॥

ਜਿਸ ਕੇ ਜੀਅ ਪਰਾਣ ਹੈ ਮਨਿ ਵਸਿਐ ਸੁਖੁ ਹੋਇ॥

(ਅੰਗ 18)

ਮੰਗਾਂ ਦੀ ਕਦੇ ਨਾ ਪੂਰਤੀ ਹੋਣ ਸਦਕਾ ਹੀ ਮਨੁੱਖੀ ਮਨ ਹੋਰ ਦੇ ਲਾਲਚ ਵਿਚ ਦੂਜਿਆਂ ਦੇ ਹਕ ਖੋਹਣ ਵੱਲ ਤੁਰ ਪੈਂਦਾ ਹੈ। ਇਸੇ ਲਈ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਸੀਮਤ ਮੰਗ ਤੇ ਸ਼ੁਕਰਾਨਾ ਕਰਨ ਦੀ ਜਾਚ ਸਿਖਾਈ, ਉੱਥੇ ਗੁਰੂ ਸਾਹਿਬ ਨੇ ਦੂਜਿਆਂ ਦੇ ਹੱਕ ਖੋਹਣ ਵਾਲੇ ਲਈ ਵੀ ਬਹੁਤ ਸਖਤ ਸ਼ਬਦਾਵਲੀ ਵਰਤੀ।

ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥

ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥

ਗਲੀ ਭਿਸਤਿ ਨ ਜਾਈਐ ਛੂਟੇ ਸਚੁ ਕਮਾਇ॥

ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ॥

ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ॥

(ਅੰਗ 141)

ਪਰਾਇਆ ਹੱਕ ਮੁਸਲਮਾਨ ਲਈ ਸੂਰ ਹੈ ਤੇ ਹਿੰਦੂ ਲਈ ਗਾਂ। ਇਸੇ ਲਈ ਪਰਾਇਆ ਹੱਕ ਮਾਰਨਾ ਸਹੀ ਨਹੀਂ ਹੈ। ਹਰਾਮ ਦਾ ਮਾਲ ਹਾਸਲ ਕਰ ਕੇ ਹੱਕ ਦਾ ਮਾਲ ਨਹੀਂ ਬਣਾਇਆ ਜਾ ਸਕਦਾ। ਕੂੜ ਵਾਲੀਆਂ ਗੱਲਾਂ ਕਰਨ ਨਾਲ ਕੂੜ ਹੀ ਹਾਸਲ ਹੁੰਦਾ ਹੈ।

ਪਰਾਇਆ ਹੱਕ ਆਖਰ ਲਿਆ ਵੀ ਕਿਉਂ ਜਾਵੇ ਜਦ ਰਾਜਾ, ਪਰਜਾ, ਚੌਧਰੀ ਕੋਈ ਵੀ ਸਦੀਵੀ ਨਹੀਂ ਤੇ ਨਾ ਹੀ ਸੋਹਣੇ ਪੱਕੇ ਘਰ ਜਾਂ ਧਨ ਨਾਲ ਭਰੇ ਹੋਏ ਖਜ਼ਾਨੇ ਸਦਾ ਰਹਿਣ ਵਾਲੇ ਹਨ! ਵਧੀਆ ਘੋੜੇ, ਰਥ, ਊਠ, ਹਾਥੀ, ਹੌਦੇ, ਬਾਗ਼, ਜ਼ਮੀਨਾਂ, ਘਰ-ਘਾਟ, ਮਹਿਲ, ਤੰਬੂ, ਸੋਨੇ ਦੇ ਪਲੰਘ, ਅਤਲਸੀ ਕਨਾਤਾਂ ਜਿਨਾਂ ਨੂੰ ਮਨੁੱਖ ਆਪਣੀ ਜਾਇਦਾਦ ਮੰਨਦਾ ਹੈ, ਸਭ ਏਥੇ ਹੀ ਰਹਿ ਜਾਣੇ ਹੁੰਦੇ ਹਨ ਤੇ ਵਿਨਾਸ਼ਕਾਰੀ ਹਨ।

ਰਾਜੇ ਰਯਤਿ ਸਿਕਦਾਰ ਕੋਇ ਨ ਰਹਸੀਓ॥

ਹਟ ਪਟਣ ਬਾਜਾਰ ਹੁਕਮੀ ਢਹਸੀਓ॥

ਪਕੇ ਬੰਕ ਦੁਆਰ ਮੂਰਖੁ ਜਾਣੈ ਆਪਣੇ॥

ਦਰਬਿ ਭਰੇ ਭੰਡਾਰ ਰੀਤੇ ਇਕਿ ਖਣੇ॥

ਤਾਜੀ ਰਥ ਤੁਖਾਰ ਹਾਥੀ ਪਾਖਰੇ॥

ਬਾਗ ਮਿਲਖ ਘਰ ਬਾਰ ਕਿਥੈ ਸਿ ਆਪਣੇ॥

ਤੰਬੂ ਪਲੰਘ ਨਿਵਾਰ ਸਰਾਇਚੇ ਲਾਲਤੀ॥

ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ॥

(ਅੰਗ 141)

ਗੁਰੂ ਨਾਨਕ ਸਾਹਿਬ ਨੇ ਆਪਣੀ ਜ਼ਿੰਦਗੀ ਦਾ ਨਿਚੋੜ ਵੀ ਸਭਨਾਂ ਦੇ ਸਾਹਮਣੇ ਧਰਿਆ। ਲਾਲਚ ਤੇ ਭੈਅ ਜੇ ਤਿਆਗ਼ ਦਿੱਤਾ ਜਾਵੇ ਤਾਂ ਅਜਿਹੇ ਨਿਡਰ ਬੰਦੇ ਨੂੰ ਕਿਸੇ ਜ਼ੁਲਮ ਜਾਂ ਜ਼ਾਲਮ ਦਾ ਭੈਅ ਨਹੀਂ ਰਹਿੰਦਾ। ਨਾ ਸਰੀਰਕ ਰੋਗਾਂ ਦਾ ਹੀ ਡਰ ਰਹਿੰਦਾ ਹੈ ਤੇ ਨਾ ਹੀ ਮੌਤ ਦਾ। ਗੁਰੂ ਸਾਹਿਬ ਨੇ ਫੁਰਮਾਇਆ ਕਿ ਜੇ ਸਾਰੀ ਬਨਸਪਤੀ ਵੀ ਸੁਆਦਲਾ ਮੇਵਾ ਬਣ ਕੇ ਮਿਲ ਜਾਵੇ ਅਤੇ ਮੇਰੀ ਰਹਿਣ ਦੀ ਥਾਂ ਵੀ ਅਟੱਲ ਹੋ ਜਾਵੇ ਜਿੱਥੇ ਚੰਨ ਤੇ ਸੂਰਜ ਮੇਰੀ ਸੇਵਾ ਕਰਦੇ ਹੋਣ, ਤਾਂ ਵੀ ਮੈਂ ਅਜਿਹੀ ਥਾਂ ਫਸਣਾ ਨਹੀਂ ਚਾਹੰੁਦਾ।

ਭਾਰ ਅਠਾਰਹ ਮੇਵਾ ਹੋਵੈ ਗਰੁੜਾ ਹੋਇ ਸੁਆਉ

ਚੰਦੁ ਸੂਰਜੁ ਦੁਇ ਫਿਰਦੇ ਰਖੀਅਹਿ ਨਿਹਚਲੁ ਹੋਵੈ ਥਾਉ॥

ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ॥

(ਅੰਗ 142)

ਗੁਰੂ ਨਾਨਕ ਦੇਵ ਜੀ ਨੇ ਸਪਸ਼ਟ ਕਿਹਾ ਹੈ ਕਿ ਸੁਰਗ ਦੀਆਂ ਅਪਸਰਾਵਾਂ ਦੀ ਭਾਵੇਂ ਘਰ ਅੰਦਰ ਹੋਣ ਤਾਂ ਵੀ ਉਨਾਂ ਨਾਸਵੰਤ ਚੀਜ਼ਾਂ ਦਾ ਮੋਹ ਤਿਆਗ਼ ਕੇ ਸਿਰਫ਼ ਪ੍ਰਮਾਤਮਾ ਦੇ ਲੜ ਲੱਗ ਕੇ ਉਸ ਦੀ ਸਿਫ਼ਤ ਸਲਾਹਿ ਨੂੰ ਹੀ ਅਸਲ ਜ਼ਿੰਦਗੀ ਮੰਨਣਾ ਚਾਹੀਦਾ ਹੈ।

ਇਕ ਪਾਸੇ ਧਾਰਮਿਕ ਪਾਖੰਡਾਂ ਦੇ ਕੋਹੜ ਨੂੰ ਵੱਢਣਾ ਕਿ ਇਸ ਨੂੰ ਵਪਾਰ ਨਾ ਬਣਾਇਆ ਜਾਵੇ, ਦੂਜੇ ਪਾਸੇ ਵਿਦਵਤਾ ਰਾਹੀਂ ਆਪਣੇ ਹੰਕਾਰ ਨੂੰ ਪੱਠੇ ਪਾਉਣ ਨੂੰ ਢਕੋਸਲਾ ਮੰਨਣਾ, ਤੀਜੇ ਪਾਸੇ ਨਿਮਾਣਿਆਂ ਦਾ ਮਾਣ ਬਣ ਕੇ ਦੂਜਿਆਂ ਦੇ ਹੱਕਾਂ ਦੀ ਰਾਖੀ ਕਰਨਾ ਤੇ ਚੌਥੇ ਰਾਜਿਆਂ ਤੇ ਉਨਾਂ ਦੇ ਅਹਿਲਕਾਰਾਂ ਨੂੰ ਕੁੱਤੇ ਕਹਿ ਕੇ ਦੁਰਕਾਰਨਾ ਤੇ ਆਪ ਹਲੀਮੀ ਦਾ ਪੱਲਾ ਫੜਦਿਆਂ ਨੀਵੀਂ ਜਾਤ ਦੇ ਰਖਵਾਲੇ ਵਜੋਂ ਉਭਰ ਕੇ ਸਾਹਮਣੇ ਆ ਕੇ ਆਪਣੇ ਆਪ ਨੂੰ ਨੀਵਿਆਂ ਤੋਂ ਵੀ ਅਤਿ ਨੀਵੇਂ ਮੰਨਣਾ ਸਿਰਫ਼ ਗੁਰੂ ਨਾਨਕ ਸਾਹਿਬ ਦੇ ਹੀ ਹਿੱਸੇ ਆਇਆ ਹੈ। ਗੁਰੂ ਨਾਨਕ ਸਾਹਿਬ ਨੇ ਸਪਸ਼ਟ ਹੀ ਕਿਹਾ ਹੈ ਕਿ ਮੈਂ ਭਾਗੋਆਂ ਦੇ ਵਿਚ ਨਹੀਂ ਲਾਲੋਆਂ ਦੇ ਵਿਚ ਮਿਲ ਸਕਦਾ ਹਾਂ।

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥

ਨਾਨਕੁ ਤਿਨ ਕੇ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥

ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥

(ਅੰਗ 15)

ਮਾਇਆਧਾਰੀਆਂ ਦੇ ਰਾਹੇ ਤੁਰਨ ਦੀ ਤਾਂਘ ਗੁਰੂ ਨਾਨਕ ਸਾਹਿਬ ਨੂੰ ਨਹੀਂ ਸੀ। ਮਾਇਆਧਾਰੀਆਂ ਲਈ ਸਖਤ ਸ਼ਬਦਾਵਲੀ ਵਰਤਦਿਆਂ ਗੁਰੂ ਸਾਹਿਬ ਨੇ ਫੁਰਮਾਇਆ ਕਿ ਫਜ਼ੂਲਖ਼ਰਚੀ ਰਬ ਨੂੰ ਪਸੰਦ ਨਹੀਂ ਆਉਂਦੀ। ਵਾਧੂ ਖਾਣ ਦਾ ਲਾਲਚ ਮਨ ਅੰਦਰਲਾ ਕੁੱਤਾ ਹੈ ਜੋ ਹਰ ਵੇਲੇ ਖਾਣ ਨੂੰ ਮੰਗਦਾ ਭੌਂਕਦਾ ਰਹਿੰਦਾ ਹੈ। ਝੂਠ ਬੋਲਣ ਦੀ ਆਦਤ ਹੀ ਮਨ ਅੰਦਰਲਾ ਕੂੜ ਚੂਹੜਾ ਹੈ ਜਿਸ ਨੇ ਮਨੁੱਖ ਨੂੰ ਬਹੁਤ ਨੀਵਾਂ ਕਰ ਦਿੱਤਾ ਹੈ। ਦੂਜਿਆਂ ਨੂੰ ਠੱਗ ਕੇ ਖਾਣਾ ਹੀ ਸਰੀਰ ਅੰਦਰਲਾ ਮੁਰਦਾਰ ਹੈ ਜੋ ਸੁਆਰਥ ਦੀ ਬਦਬੂ ਵਧਾਉਂਦਾ ਹੈ। ਪਰਾਈ ਨਿੰਦਿਆ ਨਿਰੀ ਮੈਲ ਹੈ ਤੇ ਕ੍ਰੋਧ ਭਰਿਆ ਮਨ ਚੰਡਾਲ ਹੈ। ਏਨੀ ਗੰਦਗੀ ਹੁੰਦਿਆਂ ਵੀ ਮਨੁੱਖ ਆਪਣੇ ਆਪ ਨੂੰ ਵਡਿਆਉਂਦਾ ਹੈ ਤੇ ਦੂਜਿਆਂ ਮੂੰਹੋਂ ਆਪਣੀ ਸਲਾਹੁਤਾ ਸੁਣਨੀ ਚਾਹੁੰਦਾ ਹੈ।

ਜਿਨਾਂ ਲੋਕਾਂ ਦੇ ਹਿਰਦਿਆਂ ਵਿਚ ਏਨੇ ਚਸਕੇ ਹੁੰਦੇ ਹਨ ਉੱਥੇ ਪ੍ਰਮਾਤਮਾ ਦੇ ਨਾਮ ਦਾ ਟਿਕਾਣਾ ਹੋ ਹੀ ਨਹੀਂ ਸਕਦਾ ਤੇ ਉਹ ਸਿਰਫ਼ ਢਕੋਸਲੇ ਹੀ ਕਰਦੇ ਹਨ। ਅਜਿਹੇ ਲੋਕਾਂ ਦਾ ਜੀਵਨ ਖੇਹ ਖੁਆਰੀ ਵਿਚ ਹੀ ਲੰਘਦਾ ਹੇ ਤੇ ਉਹ ਪ੍ਰਮਾਤਮਾ ਦੇ ਦਰ ਤੇ ਪਰਵਾਨ ਨਹੀਂ ਹੁੰਦੇ।

ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ॥

ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ॥

ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ॥

ਬਾਬਾ ਬੋਲੀਐ ਪਤਿ ਹੋਇ॥

ਊਤਮ ਸੇ ਦਰ ਊਤਮ ਕਹੀਅਹਿ ਨੀਚ ਕਰਮ ਬਹਿ ਰੋਇ॥

(ਅੰਗ 15)

ਗੁਰੂ ਨਾਨਕ ਸਾਹਿਬ ਦਾ ਸੁਝਾਇਆ ਇਹ ਰਾਹ ਤੁਰਨਾ ਸੁਖਾਲਾ ਨਹੀਂ ਹੈ। ਪੈਰ-ਪੈਰ ਔਕੜਾਂ ਮਿਲਦੀਆਂ ਹਨ ਤੇ ਸਚ ਦਾ ਰਾਹ ਬਿਖੜਾ ਪੈਂਡਾ ਹੁੰਦਾ ਹੈ, ਜਿੱਥੇ ਸੱਚ ਬੋਲਣ ਵਾਲੇ ਨੂੰ ਕੈਦ ਕਰ ਦਿੱਤਾ ਜਾਂਦਾ ਹੈ ਤੇ ਫਾਂਸੀ ਤੱਕ ਚਾੜ ਦਿੱਤਾ ਜਾਂਦਾ ਹੈ।

ਏਸੇ ਲਈ ਗੁਰੂ ਸਾਹਿਬ ਨੇ ਇਸ ਰਾਹੇ ਤੁਰਨ ਦਾ ਢੰਗ ਵੀ ਸਪਸ਼ਟ ਕਰ ਦਿੱਤਾ ਹੈ:-

ਜਉ ਤਉ ਪ੍ਰੇਮ ਖੇਲਣ ਕਾ ਚਾਉ॥

ਸਿਰੁ ਧਰਿ ਤਲੀ ਗਲੀ ਮੇਰੀ ਆਉ॥

ਇਤੁ ਮਾਰਗਿ ਪੈਰੁ ਧਰੀਜੈ॥

ਸਿਰ ਦੀਜੈ ਕਾਣਿ ਨ ਕੀਜੈ॥

(ਅੰਗ 1412)

ਸਿਰ ਤਲੀ ਉੱਤੇ ਧਰ ਕੇ, ਲੋਕ ਲਾਜ ਤੇ ਹਉਮੈ ਤਿਆਗ਼ ਕੇ ਹੀ ਇਸ ਰਾਹੇ ਤੁਰਿਆ ਜਾ ਸਕਦਾ ਹੈ। ਜਦੋਂ ਸਿਰ ਭੇਟ ਕਰਨ ਦੀ ਝਿਜਕ ਨਾ ਰਹਿ ਜਾਏ ਉਦੋਂ ਹੀ ਇਸ ਰਸਤੇ ਉੱਤੇ ਪੈਰ ਧਰਿਆ ਜਾ ਸਕਦਾ ਹੈ। ਮਾਇਆ ਦੀ ਗਿਣਤੀ ਕਰਦਾ ਮਨੁੱਖ ਤਾਂ ਸਿਰਫ਼ ਮੌਤ ਤੋਂ ਬਚੇ ਰਹਿਣ ਦੇ ਉਪਰਾਲਿਆਂ ਵਿਚ ਹੀ ਲੱਗਿਆ ਰਹਿੰਦਾ ਹੈ, ਫਿਰ ਵੀ ਮੌਤ ਕਿਸੇ ਵੇਲੇ ਵੀ ਉਸ ਨੂੰ ਆਪਣੇ ਕਲਾਵੇ ਵਿਚ ਲੈ ਸਕਦੀ ਹੈ। ਸਾਰੀਆਂ ਫੌਜਾਂ, ਅਹਿਲਕਾਰ ਤੇ ਬੇਅੰਤ ਮਾਇਆ ਵੀ ਅੰਤ ਸਮੇਂ ਸਹਾਈ ਨਹੀਂ ਹੁੰਦੀ। ਸਿਰਫ਼ ਆਤਮਕ ਜੀਵਨ ਸੂਝ ਵਾਲਾ ਮਨੁੱਖ ਹੀ ਸਫ਼ਲ ਜ਼ਿੰਦਗੀ ਜੀਉਂਦਾ ਹੈ ਤੇ ਲੋਕ ਪਰਲੋਕ ਵਿਚ ਉਸ ਦੀ ਇੱਜ਼ਤ ਹੰੁਦੀ ਹੈ।

ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤਿ ਹੋਇ।

(ਅੰਗ 1412)

ਗੁਰੂ ਨਾਨਕ ਸਾਹਿਬ ਦੀ ਸੋਚ ਨੂੰ ਸਮਰਪਿਤ ਹੋਣ ਦਾ ਅਰਥ ਹੈ-ਗ਼ੁਲਾਮ ਮਾਨਸਿਕਤਾ ਨੂੰ ਤਿਆਗਣਾ, ਜ਼ੁਲਮ ਢਾਹੁਣ ਵਾਲੇ ਰਾਜਿਆਂ ਨੂੰ ਵੰਗਾਰਨਾ, ਧਾਰਮਿਕ ਪਾਖੰਡਾਂ ਦਾ ਵਿਰੋਧ ਕਰਨਾ, ਕਿਸਮਤ ਉੱਤੇ ਬਹਿ ਕੇ ਨਾ ਝੂਰਨਾ, ਕਿਰਤ ਕਰਨੀ, ਵੰਡ ਛਕਣਾ, ਨਾਮ ਜਪਣਾ, ਮਾਇਆ ਦੇ ਡੰਗ ਤੋਂ ਬਚਣਾ, ਜਾਤ-ਪਾਤ ਦੇ ਨਾਂ ’ਤੇ ਪਾੜ ਪਾਉਣ ਵਾਲਿਆਂ ਨੂੰ ਭੰਡਣਾ, ਕ੍ਰੋਧ, ਕਾਮ, ਲੋਭ ਤੇ ਹੰਕਾਰ ਉੱਤੇ ਜਿੱਤ ਪਾਉਣੀ ਅਤੇ ਕਰਮ ਕਾਂਡਾਂ ਤੇ ਕਰਾਮਾਤਾਂ ਤੋਂ ਬਚ ਕੇ ਸਚ ਦੇ ਮਾਰਗ ਉੱਤੇ ਚਲਣਾ! ਗੁਰੂ ਅਰਜਨ ਦੇਵ ਜੀ ਨੇ ਵੀ ਤਾਂ ਇਹੀ ਸਮਝਾਇਆ ਹੈ –

‘‘ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ’’

(ਅੰਗ 136)

ਹੁਣ ਦੱਸੋ ਇਸ ਸੱਚਾਈ ਤੋਂ ਕੌਣ ਪਾਸਾ ਵੱਟ ਸਕਦਾ ਹੈ :-

ਜਿੱਥੇ ਧੁੰਧ ਮਿਟਾ ਕੀਤਾ ਸੀ ਸ਼ੁਭ ਸਵੇਰਾ

ਉੱਥੇ ਦਿਸਦਾ ਚਾਰ ਚੁਫ਼ੇਰੇ ਘੁੱਪ ਹਨੇਰਾ।

ਬਾਬੇ ਨਾਨਕ ਨੂੰ ਪਾਇਐ ਹਾਕਮਾਂ ਘੇਰਾ

ਸਭ ਆਖਣ ਮੇਰਾ ਮੇਰਾ ਕੋਈ ਕਹੇ ਨਾ ਤੇਰਾ।

ਮਲਕ ਭਾਗੋ ਦੇ ਵਾਰਸਾਂ ਦੀ ਬੱਲੇ ਬੱਲੇ

ਮਹਿਲ ਮਾੜੀਆਂ ਵਿਚ ਹੈ ਉਨਾਂ ਦੇ ਡੇਰਾ।

ਬਾਬੇ ਨਾਨਕ ਨੂੰ ਪਾਇਐ ਹਾਕਮਾਂ ਘੇਰਾ

ਸਭ ਆਖਣ ਮੇਰਾ ਮੇਰਾ ਕੋਈ ਕਹੇ ਨਾ ਤੇਰਾ।

ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨ੍ਣਹਾਰੁ

ਉਸੇ ਪਿੱਛੇ ਵੈਰੀ ਮੰਨੇ ਪਿਓ ਨੂੰ ਜਾਇਆ।

ਸੱਜਣ ਠੱਗਾਂ ਵੰਡ ਲਿਆ ਅੱਜ ਉਹੀ ਹੀਰਾ

ਜਿਸ ਨੇ ਸਾਂਝੀਵਾਲਤਾ ਦਾ ਰਾਹ ਵਿਖਾਇਆ।

ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ

ਉੱਚੀਆਂ ਜਾਤਾਂ ਘੇਰਿਆ ਉੱਥੇ ਚਾਰ ਚੁਫ਼ੇਰਾ।

ਬਾਬੇ ਨਾਨਕ ਨੂੰ ਪਾਇਐ ਹਾਕਮਾਂ ਘੇਰਾ

ਸਭ ਆਖਣ ਮੇਰਾ ਮੇਰਾ ਕੋਈ ਕਹੇ ਨਾ ਤੇਰਾ।

ਧਰਮ ਵਿਚਲੇ ਪਾਖੰਡੀਆਂ ਨੂੰ ਸੀ ਪਾਠ ਪੜਾਇਆ

ਉਹੀ ਲੁੱਟੀ ਜਾਂਦੇ ਕੰਮੀਆਂ ਦਾ ਸਰਮਾਇਆ।

ਕੋਈ ਨਾ ਸਮਝਿਆ ਤੇਰੇ ਨੰਗੇ ਪੈਰਾਂ ਦਾ ਫੇਰਾ

ਖਰਬਾਂ ਖਰਚ ਕੇ ਜਨਮ ਮਨਾਇਆ ਜਾਂਦਾ ਤੇਰਾ।

ਚੂੰਡਿਆ ਗਿਆ ਲਾਲੋ, ਦਾ ਪਿੰਜਰ ਹੁਣ ਸਾਰਾ

ਬਹੁੜੀਂ ਬਾਬਾ ਹੋਰ ਨਾ ਕਰ ਦੇਈਂ ਦੇਰਾ

ਬਾਬੇ ਨਾਨਕ ਨੂੰ ਪਾ ਲਿਆ ਹਾਕਮਾਂ ਘੇਰਾ

ਸਭ ਆਖਣ ਮੇਰਾ ਮੇਰਾ ਕੋਈ ਕਹੇ ਨਾ ਤੇਰਾ।

ਬਾਬਾ ਕਿਧਰੋਂ ਪਹੁੰਚ ਜਾ ਅੱਜ ਵਤ ਗਹੀਰਾਂ।

ਜੋਕਾਂ ਰਤ ਨੇ ਪੀਂਦੀਆਂ ਅਜ ਚਾਰ ਚੁਫ਼ੇਰੇ

ਗਿਰਝਾਂ ਨੋਚਣ ਮਾਸ ਹੁਣ, ਨਸ਼ਿਆਂ ਦੇ ਮਾਰੇ

ਭਖਮਰੀ ਵੀ ਦਿਸਦੀ ਹੁਣ ਤਾਂ ਖੰਭ ਖਿਲਾਰੇ।

ਰਾਜੇ ਸੀਹ ਮੁਕਦਮ ਕੁਤੇ ਜ਼ਾਲਮ ਫਿਰਦੇ

ਸਿਰੁ ਧਰਿ ਤਲੀ ਕਿਰਤੀ ਫਿਰੇ ਬਣਿਆ ਵਿਚਾਰਾ

ਬਾਬੇ ਨਾਨਕ ਨੂੰ ਪਾ ਲਿਆ ਹਾਕਮਾਂ ਘੇਰਾ

ਸਭ ਆਖਣ ਮੇਰਾ ਮੇਰਾ ਕੋਈ ਕਹੇ ਨਾ ਤੇਰਾ।

ਬੇਤਾਲਾ ਭੂਤਨਾ ਸੀ ਜਰਿਆ ਨਾਲ ਹਲੀਮੀ

ਕ੍ਰੋਧ ਕਪਟ ਦਾ ਹੁਣ ਤਾਂ ਦਿਸਦਾ ਹੈ ਡੇਰਾ।

ਤੈਂ ਕੀ ਦਰਦ ਨਾ ਆਇਆ ਵਾਲਾ ਕਿੱਧਰ ਜੇਰਾ

ਧੀਆਂ ਅੱਜ ਨੇ ਰੋਂਦੀਆਂ ਘਰ-ਘਰ ਹੈ ’ਨੇਰਾ।

ਜਾਬਰ ਉਂਜ ਹੀ ਸ਼ੂਕਦੇ ਤੇ ਜ਼ੁਲਮ ਬਥੇਰਾ

ਪੰਜ ਸਦੀਆਂ ਤੋਂ ਉੱਤੇ ਦਾ ਇਹ ਵਕਤ ਲੰਮੇਰਾ।

ਕਿਰਤ ਦਾ ਜਿਸ ਧਰਤੀ ਤੇ ਸੀ ਦਿੱਤਾ ਸੁਣੇਹਾ

ਉੱਥੇ ਦਿਸਦਾ ਸਿਰਫ਼ ਖ਼ੁਦਕੁਸ਼ੀਆਂ ਦਾ ਡੇਰਾ

ਜਿੱਥੇ ਧੁੰਧ ਮਿਟਾ ਕੀਤਾ ਸੀ ਸ਼ੁਭ ਸਵੇਰਾ

ਉੱਥੇ ਦਿਸਦਾ ਚਾਰ ਚੁਫ਼ੇਰੇ ਘੁੱਪ ਹਨੇਰਾ।

ਬਾਬੇ ਨਾਨਕ ਨੂੰ ਪਾਇਐ ਹਾਕਮਾਂ ਘੇਰਾ

ਸਭ ਆਖਣ ਮੇਰਾ ਮੇਰਾ ਕੋਈ ਕਹੇ ਨਾ ਤੇਰਾ।

ਡਾ. ਹਰਸ਼ਿੰਦਰ ਕੌਰ, ਐਮ. ਡੀ.,

ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,

ਲੋਅਰ ਮਾਲ ਪਟਿਆਲਾ।

ਫੋਨ ਨੰ: 0175-2216783

Check Also

ਨਵੀਂ ਸਿੱਖਿਆ ਨੀਤੀ – ਨਿੱਜੀਕਰਨ ਅਤੇ ਕੇਂਦਰੀਕਰਨ ਵੱਲ ਅਗਲਾ ਕਦਮ

-ਗੁਰਮੀਤ ਸਿੰਘ ਪਲਾਹੀ ਕੋਰੋਨਾ ਕਾਲ ‘ਚ ਇੱਕ ਤੋਂ ਬਾਅਦ ਇੱਕ ਨਵੇਂ ਆਰਡੀਨੈਂਸ, ਇੱਕ ਤੋਂ ਬਾਅਦ …

Leave a Reply

Your email address will not be published. Required fields are marked *