ਮੋਦੀ ਸਰਕਾਰ ਨੂੰ ਮਹਿੰਗੀ ਪਵੇਗੀ ਅੰਨਦਾਤਾ ਨਾਲ ਬਦਲਾਖੋਰੀ ਦੀ ਨੀਤੀ: ਕੁਲਤਾਰ ਸਿੰਘ ਸੰਧਵਾਂ

TeamGlobalPunjab
3 Min Read

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਸੂਬੇ ‘ਚ ਕਣਕ ਦੀ ਖਰੀਦ ਕਰਨ ਵਿੱਚ ਪਾਈਆਂ ਜਾ ਰਹੀਆਂ ਰੁਕਾਵਟਾਂ ਦੀ ਅਲੋਚਨਾ ਕਰਦਿਆਂ ਕਿਹਾ ਕਿ ਅੰਨਦਾਤਾ ਨਾਲ ਕੀਤੀ ਜਾ ਰਹੀ ਬਦਲਾਖੋਰੀ ਮੋਦੀ ਸਰਕਾਰ ਨੂੰ ਮਹਿੰਗੀ ਪਵੇਗੀ।

ਸੋਮਵਾਰ ਨੂੰ ਪਾਰਟੀ ਹੈਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ‘ਆਪ’ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਮੀਤ ਪ੍ਰਧਾਨ ਗੁਰਦਿਤ ਸਿੰਘ ਸੇਖੋਂ, ਕੁਲਦੀਪ ਸਿੰਘ ਧਾਲੀਵਾਲ, ਜਸਵੰਤ ਸਿੰਘ ਗੱਜਣਮਾਜਰਾ, ਕਾਕਾ ਬਰਾੜ, ਹਰਮੀਤ ਸਿੰਘ ਔਲਖ, ਜਨਰਲ ਸਕੱਤਰ ਮਹਿੰਦਰ ਸਿੰਘ ਸਿੱਧੂ ਅਤੇ ਸੂਬਾ ਸਕੱਤਰ ਨਛੱਤਰ ਸਿੰਘ ਸਿੱਧੂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਕਿਸਾਨਾਂ ਨੂੰ ਖੱਜਲ ਖੁਆਰ ਕਰਨ ‘ਚ ਕੋਈ ਕਸਰ ਨਹੀਂ ਛੱਡ ਰਹੀ, ਪ੍ਰੰਤੂ ਅੰਨਦਾਤਾ ਨਾਲ ਬਦਲੇਖੋਰੀ ਦੀ ਨੀਤੀ ਮੋਦੀ ਸਮੇਤ ਪੂਰੀ ਭਾਜਪਾ ਨੂੰ ਬੇਹੱਦ ਮਹਿੰਗੀ ਪਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸਾਰਿਆਂ ‘ਤੇ ਭਾਰਤੀ ਖੁਰਾਕ ਨਿਗਮ (ਐਫ.ਸੀ.ਆਈ) ਨੇ ਸੂਬੇ ਵਿੱਚੋਂ ਕਣਕ ਖਰੀਦਣ ਤੋਂ ਹੱਥ ਪਿਛੇ ਖਿੱਚ ਲਏ ਹਨ, ਉਥੇ ਹੀ ਪੰਜਾਬ ਨੂੰ ਬਾਰਦਾਨੇ ਦੀ ਘੱਟ ਸਪਲਾਈ ਅਤੇ ਆੜਤੀਆਂ ਨੂੰ ਨਜਰਅੰਦਾਜ ਕਰਕੇ ਕਣਕ ਦੀ ਅਦਾਇਗੀ ਸਿੱਧੇ ਕਿਸਾਨਾਂ ਦੇ ਖਾਤੇ ‘ਚ ਪਾਉਣ ਅਜਿਹੇ ਫੈਸਲਿਆਂ ਕਾਰਨ ਅਜੇ ਤੱਕ ਸੂਬੇ ਦੀਆਂ ਮੰਡੀਆਂ ਵਿੱਚ ਕਣਕ ਰੁਲ ਰਹੀ ਹੈ।

ਉਨ੍ਹਾਂ ਕਿਹਾ ਕਿ ਜਦੋਂ ਦੇਸ ਨੂੰ ਅੰਨ ਦੀ ਲੋੜ ਸੀ ਉਦੋਂ ਪੰਜਾਬ ਦੇ ਕਿਸਾਨਾਂ ਨੂੰ ਹਰੀ ਕ੍ਰਾਂਤੀ ਦੇ ਨਾਅਰੇ ਅਧੀਨ ਰਵਾਇਤੀ ਫਸਲਾਂ ਤੋਂ ਮੋੜਿਆ ਗਿਆ ਸੀ ਅਤੇ ਉਦੋਂ ਐਫ.ਸੀ.ਆਈ ਪੰਜਾਬ ਦੀਆਂ ਮੰਡੀਆਂ ਵਿੱਚੋਂ ਦਾਣਾ ਦਾਣਾ ਖਰੀਦ ਕਰਦੀ ਸੀ। ਹੁਣ ਜਦੋਂ ਸੂਬੇ ਦੇ ਅੰਨਦਾਤਾ ਨੇ ਦੇਸ ਦੇ ਭੰਡਾਰ ਭਰਨ ਲਈ ਆਪਣੀ ਜਮੀਨ ਅਤੇ ਪਾਣੀ ਖਤਮ ਕਰ ਲਏ ਹਨ ਤਾਂ ਐਫ.ਸੀ.ਆਈ ਨੇ ਮੋਦੀ ਦੇ ਇਸਾਰਿਆਂ ‘ਤੇ ਅੰਨਦਾਤੇ ਨੂੰ ਮੰਡੀਆਂ ਵਿੱਚ ਰੁਲਣ ਲਈ ਛੱਡ ਦਿਤਾ ਹੈ।

ਸੰਧਵਾਂ ਨੇ ਦੋਸ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਥੋਪੇ ਜਾ ਰਹੇ ਤੁਗਲਕੀ ਫਰਮਾਨਾਂ ਤੋਂ ਪਤਾ ਚਲਦਾ ਹੈ ਕਿ ਮੋਦੀ ਸਰਕਾਰ ਪੰਜਾਬ ਦੇ ਅੰਨਦਾਤਾ ਤੋਂ ਬਦਲਾ ਲੈਣ ਲਈ ਪਾਬੰਦੀਆਂ ਲਾ ਰਹੀ ਹੈ, ਕਿਉਂਕਿ ਮੋਦੀ ਵੱਲੋਂ ਬਣਾਏ ਖੇਤੀਬਾੜੀ ਨਾਲ ਸਬੰਧਤ ਤਿੰਨ ਕਾਲੇ ਕਾਨੂੰਨਾਂ ਖਲਿਾਫ ਸਭ ਤੋਂ ਪਹਿਲਾਂ ਪੰਜਾਬ ਦੇ ਅੰਨਦਾਤਾ ਨੇ ਹੀ ਆਵਾਜ ਬੁਲੰਦ ਕੀਤੀ ਸੀ। ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨਾਂ ਖਲਿਾਫ ਪੰਜਾਬ ਦੇ ਅੰਨਦਾਤਾ ਦੀ ਆਵਾਜ ‘ਤੇ ਇੱਕਮੁੱਠ ਹੋਏ ਦੇਸ ਦੇ ਅੰਨਦਾਤਾ ਦੀ ਆਵਾਜ ਨੂੰ ਵੀ ਨਰਿੰਦਰ ਮੋਦੀ ਨੇ ਅਣਸੁਣਿਆ ਕਰ ਰਖਿਆ ਹੈ। ਮੋਦੀ ਅੰਨਦਾਤਾ ਦੀਆਂ ਸਮੱਸਿਆ ਹੱਲ ਕਰਨ ਦੀ ਥਾਂ ਆਪਣੇ ਕਾਰਪੋਰੇਟਰ ਦੋਸਤਾਂ ਦੇ ਹਿੱਤਾਂ ਦੀ ਪੂਰਤੀ ਲਈ ਦੇਸ ਨੂੰ ਬਰਬਾਦੀ ਵੱਲ ਲੈ ਕੇ ਜਾ ਰਿਹਾ ਹੈ। ਵਿਧਾਇਕ ਸੰਧਵਾਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ 80 ਕਰੋੜ ਗਰੀਬ ਲੋਕਾਂ ਨੂੰ ਜੋ ਮੁਫਤ ਆਨਾਜ ਦੇਣ ਦਾ ਐਲਾਨ ਕੀਤਾ ਹੈ ਉਹ ਐਲਾਨ ਵੀ ਅੰਨਦਾਤਾ ਦੀ ਮਿਹਨਤ ਨਾਲ ਹੀ ਪੂਰਾ ਹੋਵੇਗਾ ਨਾ ਕਿ ਕਾਰਪੋਰੇਟਰਾਂ ਦੀਆਂ ਨੀਤੀਆਂ ਨਾਲ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਸੂਬੇ ਦੀਆਂ ਮੰਡੀਆਂ ਵਿੱਚੋਂ ਕਣਕ ਖਰੀਦਣ ਲਈ ਐਫ.ਸੀ.ਆਈ ਨੂੰ ਆਦੇਸ ਦੇਣ ਅਤੇ ਖੇਤੀਬਾੜੀ ਦੇ ਤਿੰਨੋਂ ਕਾਲੇ ਕਾਨੂੰਨ ਵਾਪਸ ਲੈਣ, ਤਾਂ ਜੋ ਅੰਨਦਾਤਾ ਆਪਣੇ ਖੇਤਾਂ ਵਿੱਚ ਜਾ ਕੇ ਫਸਲਾਂ ਉਗਾਉਣ ਦਾ ਕੰਮ ਕਰ ਸਕਣ।

Share This Article
Leave a Comment