ਲੁਧਿਆਣਾ : ਲੁਧਿਆਣਾ ਵਿਖੇ ਅੱਜ ਸਵੇਰੇ ਲੋਕ ਇਨਸਾਫ ਪਾਰਟੀ ਅਤੇ ਅਕਾਲੀ ਆਗੂਆਂ ਵਿਚਾਲੇ ਹੋਈ ਝੜਪ ਦੇ ਮਾਮਲੇ ਵਿਚ ਪੁਲਿਸ ਨੇ ਵੱਡਾ ਐਕਸ਼ਨ ਲਿਆ ਹੈ। ਪੁਲਿਸ ਨੇ ਦੋਹਾਂ ਧਿਰਾਂ ਖਿਲਾਫ ਕਾਰਵਾਈ ਕੀਤੀ ਹੈ।
ਲੁਧਿਆਣਾ ਪੁਲਿਸ ਨੇ ਕੋਵਿਡ ਹਦਾਇਤਾਂ ਤੋੜਨ ਅਤੇ ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਲੋਕ ਇਨਸਾਫ਼ ਪਾਰਟੀ ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ , ਉਨ੍ਹਾਂ ਦੇ ਲੜਕੇ ਅਜੇ ਪ੍ਰੀਤ ਸਿੰਘ ਤੋਂ ਇਲਾਵਾ ਯੂਥ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਗੋਸ਼ਾ, ਪ੍ਰਭਜੀਤ ਸਿੰਘ ਪੰਧੇਰ ਅਤੇ 50 ਹੋਰਨਾਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਥਾਣਾ ਡਿਵੀਜ਼ਨ ਨੰਬਰ ਛੇ ਵਿਚ ਅੱਜ ਸ਼ਾਮ ਕੇਸ ਦਰਜ ਕਰ ਲਿਆ ਹੈ ।
ਹਾਲ ਦੀ ਘੜੀ ਪੁਲਿਸ ਵਲੋਂ ਇਸ ਮਾਮਲੇ ਵਿਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ ।
ਜ਼ਿਕਰਯੋਗ ਹੈ ਕਿ ਲਾਕਡਾਊਨ ਹੋਣ ਦੇ ਬਾਵਜੂਦ ਲੁਧਿਆਣਾ ਦੇ ਕੋਟ ਮੰਗਲ ਸਿੰਘ ਇਲਾਕੇ ਵਿੱਚ ਐਤਵਾਰ ਸਵੇੇਰੇ ਸੜਕ ਨਿਰਮਾਣ ਦੇ ਉਦਘਾਟਨ ਮੌਕੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਵਿਚਾਲੇ ਤਿੱਖੀ ਝੜਪ ਹੋਈ ਸੀ। ਤਣਾਅ ਐਨਾ ਵੱਧ ਗਿਆ ਕਿ ਵਿਧਾਇਕ ਨੇ ਗੋਸ਼ਾ ਦੇ ਥੱਪੜ ਜੜ ਦਿੱਤੇ , ਉਧਰ ਦੋਵਾਂ ਦੇ ਹਮਾਇਤੀਆਂ ਨੇ ਵੀ ਇਕ-ਦੂਜੇੇ ਨਾਲ ਹੱਥੋਪਾਈ ਕੀਤੀ। ਇਸ ਝੜਪ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕੀ ਹੈ।