ਵੈਨਕੂਵਰ: ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਲਗਭਗ ਇੱਕ ਹਫਤੇ ਪਹਿਲਾ ਗੋਲੀਬਾਰੀ ਦੌਰਾਨ ਮਾਰੇ ਗਏ ਨੌਜਵਾਨ ਦੀ ਪਹਿਚਾਣ ਜਾਰੀ ਕੀਤੀ ਗਈ ਹੈ। ਮ੍ਰਿਤਕ ਦੀ ਸ਼ਨਾਖ਼ਤ 22 ਸਾਲਾ ਅਰਸ਼ਦੀਪ ਸਿੰਘ ਵਜੋਂ ਕੀਤੀ ਗਈ ਹੈ।
ਇੰਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਸਾਰਜੈਂਟ ਫ਼ਰੈਂਕ ਜੈਂਗ ਨੇ ਕਿਹਾ ਕਿ ਇਸ ਉਮੀਦ ਵਿਚ ਪਹਿਚਾਣ ਜਨਤਕ ਕੀਤੀ ਜਾ ਰਹੀ ਹੈ ਕਿ ਕਾਤਲਾਂ ਦਾ ਕੋਈ ਸੁਰਾਗ ਮਿਲ ਸਕੇ। ਅਰਸ਼ਦੀਪ ਸਿੰਘ ਦੀ ਮ੍ਰਿਤਕ ਦੇਹ 26 ਜਨਵਰੀ ਨੂੰ ਲੈਂਗਲੀ ਦੀ 207 ਸਟ੍ਰੀਟ ਅਤੇ 53ਏ ਐਵੇਨਿਊ ਵਿਖੇ ਖੜੀ ਗੱਡੀ ‘ਚੋਂ ਬਰਾਮਦ ਕੀਤੀ ਗਈ ਜਦਕਿ ਉਸ ਦਾ ਦੋਸਤ ਜ਼ਖ਼ਮੀ ਹਾਲਤ ਵਿਚ ਪਾਇਆ ਗਿਆ।
ਅਰਸ਼ਦੀਪ ਸਿੰਘ ਦੇ ਕਾਤਲਾਂ ਦੀ ਭਾਲ ‘ਚ ਲੱਗੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ ਸੰਪਰਕ ਕੀਤਾ ਜਾਵੇ।
ਇੰਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਸਾਰਜੈਂਟ ਫ਼ਰੈਂਕ ਜੈਂਗ ਮੁਤਾਬਕ ਅਰਸ਼ਦੀਪ ਸਿੰਘ ਦਾ ਅਪਰਾਧਿਕ ਪਿਛੋਕੜ ਸੀ ਤੇ ਪੁਲਿਸ ਦਾ ਮੰਨਣਾ ਹੈ ਕਿ ਨਸ਼ਾ ਤਸਕਰੀ ਦੌਰਾਨ ਹੋਈ ਲੜਾਈ ਤਹਿਤ ਇਹ ਕਤਲ ਕੀਤਾ ਗਿਆ ਜਾਪ ਰਿਹਾ ਹੈ।