ਮੋਗਾ: ਮੋਗਾ ਪੁਲਿਸ ਵੱਲੋ ਇਕ ਵਿਅਕਤੀ ਵਿਰੁੱਧ ਫੇਸਬੁੱਕ ਪੇਜ ‘ਤੇ ਬੇਅਦਬੀ ਸਬੰਧੀ ਝੂਠੀਆਂ ਅਫਵਾਹਾਂ ਫੈਲਾਉਣ ਦੇ ਦੋਸ਼ ਹੇਠ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਸੁਪਰਡੈਂਟ ਪੁਲਿਸ ਮੁਹੰਮਦ ਸਰਫ਼ਰਾਜ਼ ਆਲਮ ਨੇ ਦੱਸਿਆ ਕਿ ਮਿਤੀ 30 ਦਸੰਬਰ ਨੂੰ ਫੇਸਬੁੱਕ ਪੇਜ ‘ਲੋਪੋਂ’ ਤੇ ਪਿੰਡ ਮੱਲਕੇ ਜਿਲ੍ਹਾ ਮੋਗਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਬਾਰੇ ਝੂਠੀ ਪੋਸਟ ਪਾਈ ਸੀ। ਜਾਣਕਾਰੀ ਮਿਲਣ ਤੇ ਪੁਲਿਸ ਵੱਲੋ ਪਿੰਡ ਮੱਲਕੇ ਅਤੇ ਨੇੜਲੇ ਇਲਾਕਿਆਂ ਦੇ ਸਾਰੇ ਗੁਰਦੁਆਰਿਆਂ ਦੀ ਜਾਂਚ ਕੀਤੀ, ਪਰ ਫੇਸਬੁੱਕ ਪੋਸਟ ਵਿਚ ਦਰਸਾਏ ਅਨੁਸਾਰ ਪਿੰਡ ਮੱਲਕੇ ਵਿਚ ਕਿਤੇ ਵੀ ਕੋਈ ਅਜਿਹੀ ਘਟਨਾ ਨਹੀਂ ਵਾਪਰੀ।
ਜਿਸ ਤੇ ਫੇਸਬੁੱਕ ਪੇਜ ਅਤੇ ਅਕਾਉਟ ਜਿਸ ਰਾਂਹੀ ਇਹ ਪੇਜ ਚਲਾਇਆ ਜਾ ਰਿਹਾ ਸੀ, ਦੀ ਪਛਾਣ ਗੁਰਦੀਪ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਲੋਪੋ ਜਿਲ੍ਹਾ ਮੋਗਾ ਵਜੋਂ ਹੋਈ।ਇਸ ਸਬੰਧੀ ਮੁਕੱਦਮਾ ਨੰਬਰ 163 ਮਿਤੀ 30-12-21 ਅਧ 295ਏ, 153, 153.ਏ, 505 ਭ:ਦ: ਥਾਣਾ ਬੱਧਨ੍ਹੀ ਕਲ੍ਹਾਂ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿਚ ਲਿਆਂਦੀ ਜਾ ਰਹੀ ਹੈ।ਦੋਸ਼ੀ ਗੁਰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਮੁਹੰਮਦ ਸਰਫ਼ਰਾਜ਼ ਆਲਮ ਨੇ ਦੱਸਿਆ ਕਿ ਸਮਾਜ ਵਿਚ ਨਫਰਤ ਫੈਲਾਉਣ ਅਤੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀਆਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।