ਚੰਡੀਗੜ੍ਹ ( ਦਰਸ਼ਨ ਸਿੰਘ ਖੋਖਰ ): ਪੰਜਾਬ ਯੂਥ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਨੇ ਅੱਜ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਰਕਾਰੀ ਮਕਾਨ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ। 2000 ਦੇ ਕਰੀਬ ਆਗੂ ਤੇ ਵਰਕਰ ਪਹਿਲਾਂ ਪੰਜਾਬ ਕਾਂਗਰਸ ਦੇ ਸੈਕਟਰ 15 ਸਥਿਤ ਮੁੱਖ ਦਫਤਰ ਵਿਚ ਇਕੱਠੇ ਹੋਏ। ਉਹ ਮਨੋਹਰ ਲਾਲ ਖੱਟੜ ਅਤੇ ਕੰਗਨਾ ਰਣੌਤ ਵੱਲੋਂ ਕਿਸਾਨਾਂ ਵਿਰੁੱਧ ਕੀਤੀ ਜਾ ਰਹੀ ਬਿਆਨਬਾਜ਼ੀ ਦੀ ਨਿਖੇਧੀ ਕਰ ਰਹੇ ਸਨ।
ਜਦੋਂ ਉਹ ਨਾਅਰੇਬਾਜ਼ੀ ਕਰਦੇ ਹੋਏ ਮਨੋਹਰ ਲਾਲ ਖੱਟਰ ਦੇ ਸਰਕਾਰੀ ਮਕਾਨ ਵੱਲ ਵਧਣ ਲੱਗੇ ਤਾਂ ਪੁਲੀਸ ਨੇ ਬੈਰੀਕੇਡ ਲਗਾਕੇ ਉਨ੍ਹਾਂ ਨੂੰ ਰੋਕ ਲਿਆ ਅਤੇ ਪਾਣੀ ਦੀਆਂ ਬੁਛਾੜਾਂ ਛੱਡ ਦਿੱਤੀਆਂ। ਇਸ ਮੌਕੇ ਹਲਕਾ ਲਾਠੀਚਾਰਜ ਵੀ ਕੀਤਾ ਗਿਆ ਪਰ ਉਹ ਬੈਰੀਕੇਡ ਤੋੜਨ ਵਿਚ ਕਾਮਯਾਬ ਹੋ ਗਏ। ਫਿਰ ਉਹ ਸੈਕਟਰ-1 ਵੱਲ ਦੋ ਕਿਲੋਮੀਟਰ ਦਾ ਫ਼ਾਸਲਾ ਤੈਅ ਕਰਕੇ ਮਨੋਹਰ ਲਾਲ ਖੱਟਰ ਦੀ ਕੋਠੀ ਨੇੜੇ ਪਹੁੰਚ ਗਏ। ਜਿੱਥੇ ਕਿ ਚੰਡੀਗੜ੍ਹ ਪੁਲਿਸ ਨੇ ਫਿਰ ਬੈਰੀਕੇਡ ਲਗਾਏ ਹੋਏ ਸਨ।
ਦੁਬਾਰਾ ਫਿਰ ਉਨ੍ਹਾਂ ਨੂੰ ਪਾਣੀ ਦੀਆਂ ਬੁਛਾੜਾਂ ਨਾਲ ਸਾਹਮਣਾ ਕਰਨਾ ਪਿਆ। ਇਸ ਮੌਕੇ ਪੁਲੀਸ ਨੇ ਹਲਕਾ ਲਾਠੀਚਾਰਜ ਕੀਤਾ ਅਤੇ ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਤੇ ਦੋ ਦਰਜਨ ਦੇ ਕਰੀਬ ਹੋਰਨਾਂ ਆਗੂਆਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਫਿਰ ਵੀ ਯੂਥ ਕਾਂਗਰਸ ਦੇ ਵਰਕਰ ਤੇ ਆਗੂ ਬੈਰੀਗੇਟ ਤੋੜਣ ਲਈ ਬਜ਼ਿੱਦ ਰਹੇ। ਚੰਡੀਗੜ੍ਹ ਪੁਲੀਸ ਨੇ ਉਨ੍ਹਾਂ ਨੂੰ ਲਾਠੀ ਚਾਰਜ ਕਰਕੇ ਖਦੇੜ ਦਿੱਤਾ। ਫੇਰ ਉਹ ਵਾਪਸ ਪੰਜਾਬ ਕਾਂਗਰਸ ਦੇ ਦਫ਼ਤਰ ਵੱਲ ਨੂੰ ਚੱਲ ਪਏ। ਤਕਰੀਬਨ ਡੇਢ ਘੰਟਾ ਪੁਲਿਸ ਅਤੇ ਯੂਥ ਕਾਂਗਰਸ ਦੀ ਟੱਕਰ ਬਣੀ ਰਹੀ।