ਚੰਡੀਗੜ੍ਹ: ਪੰਜਾਬ ਦੇ ਤਰਨਤਾਰਨ ‘ਚ ਪੁਲਿਸ ਸਟੇਸ਼ਨ ‘ਤੇ ਰਾਕੇਟ ਲਾਂਚਰ ਹਮਲੇ ਦੇ ਮਾਮਲੇ ‘ਚ ਪੁਲਿਸ ਨੇ ਚਾਰ ਲੋਕਾਂ ਨੂੰ ਹਿਰਾਸਤ ‘ਚ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਜਨਰਲ ਪੁਲਿਸ ਸੁਖਚੈਨ ਸਿੰਘ ਗਿੱਲ ਨੇ ਦਾਅਵਾ ਕੀਤਾ ਕਿ ਇਨ੍ਹਾਂ ਮੁਲਜ਼ਮਾਂ ਦੇ ਸਰਹੱਦ ਪਾਰੋਂ ਸਬੰਧ ਹਨ।ਮੀਡੀਆ ਨਾਲ ਗੱਲਬਾਤ ਕਰਦਿਆਂ ਆਈਜੀਪੀ ਨੇ ਕਿਹਾ ਕਿ ਪੁਲਿਸ ਨੇ ਸ਼ੱਕੀ ਦੀ ਪਛਾਣ ਕਰ ਲਈ ਹੈ ਅਤੇ ਹਮਲੇ ਨੂੰ ਅੰਜ਼ਾਮ ਦੇਣ ਵਾਲੇ ਦੋ ਹੋਰ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਜਾਵੇਗਾ।
“ਸੀਨੀਅਰ ਜਾਂਚ ਅਧਿਕਾਰੀ ਨੇ ਕਿਹਾ ਕਿ ਅਸੀਂ ਚਾਰ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਨੇ ਮੁਲਜ਼ਮਾਂ ਨੂੰ ਰਸਦ ਦੀ ਮਦਦ ਕੀਤੀ ਸੀ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਹਮਲੇ ਨੂੰ ਅੰਜ਼ਾਮ ਦੇਣ ਵਾਲੇ 2 ਹੋਰ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਜਾਵੇਗਾ। ਪੁਲਿਸ ਦਾ ਕਹਿਣਾ ਹੈ ਕਿ ਅਸੀਂ ਸਹੀ ਦਿਸ਼ਾ ਵਿੱਚ ਜਾਂਚ ਕਰ ਰਹੇ ਹਾਂ ਅਤੇ ਜਲਦੀ ਹੀ ਇਸ ਹਮਲੇ ਦਾ ਪਰਦਾਫਾਸ਼ ਕਰਾਂਗੇ। ਥਾਣਾ ਤਰਨਤਾਰਨ ਦੀ ਪੁਲਿਸ ਦਾ ਦਾਅਵਾ ਹੈ ਕਿ ਮਾਮਲੇ ਨਾਲ ਸਬੰਧਤ ਕਈ ਹੋਰ ਸ਼ੱਕੀਆਂ ਦੀ ਸ਼ਨਾਖਤ ਕਰ ਲਈ ਗਈ ਹੈ, ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਦੱਸ ਦੇਈਏ ਕਿ 10 ਦਸੰਬਰ ਨੂੰ ਪੰਜਾਬ ਦੇ ਤਰਨਤਾਰਨ ‘ਚ ਪੁਲਿਸ ਸਟੇਸ਼ਨ ‘ਤੇ ਘੱਟ ਤੀਬਰਤਾ ਵਾਲਾ ਧਮਾਕਾ ਹੋਇਆ ਸੀ। ਪੁਲਿਸ ਨੇ ਕਿਹਾ ਕਿ ਇਹ ਹਮਲਾ ਇੱਕ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰਪੀਜੀ) ਨਾਲ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲੀਸ ਨੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਤਹਿਤ ਕੇਸ ਦਰਜ ਕੀਤਾ ਸੀ।ਇਸ ਦੌਰਾਨ ਥਾਣਾ ਸਰਹਾਲੀ ਕਲਾਂ ਦੇ ਥਾਣਾ ਮੁਖੀ (ਐਸਐਚਓ) ਪ੍ਰਕਾਸ਼ ਸਿੰਘ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਸੁਖਬੀਰ ਸਿੰਘ ਨੂੰ ਨਿਯੁਕਤ ਕੀਤਾ ਗਿਆ ਸੀ।
ਹਮਲੇ ਤੋਂ ਬਾਅਦ, ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਦੀ ਇੱਕ ਟੀਮ ਸ਼ਨੀਵਾਰ ਸ਼ਾਮ ਤਰਨਤਾਰਨ ਦੇ ਸਰਹਾਲੀ ਕਲਾਂ ਥਾਣੇ ਪਹੁੰਚੀ ਅਤੇ ਘਟਨਾ ਨਾਲ ‘ਅੱਤਵਾਦੀ ਲਿੰਕ’ ਹੋਣ ਦਾ ਸੰਕੇਤ ਦਿੱਤਾ। ਖਾਲਿਸਤਾਨੀ ਜਥੇਬੰਦੀ ਸਿੱਖਸ ਫਾਰ ਜਸਟਿਸ (SFJ) ਨੇ ਸ਼ਨੀਵਾਰ ਨੂੰ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੁਲਿਸ ਦਾਅਵੇ ਦੀ ਜਾਂਚ ਕਰੇਗੀ।