ਓਨਟਾਰੀਓ: ਓਨਟਾਰੀਓ ਦੇ ਹਾਕਸਬਰੀ ਸ਼ਹਿਰ ‘ਚ ਰੀਜੈਂਟ ਸਟ੍ਰੀਟ ‘ਤੇ ਸਥਿਤ ਸਟੋਰ ‘ਚ ਕਿਸੇ ਵਿਅਕਤੀ ਵਲੋਂ 2 ਡਾਲਰ ਦੇ ਜਾਅਲੀ ਸਿੱਕਿਆਂ ਦੀ ਵਰਤੋਂ ਕੀਤੀ ਗਈ ਹੈ। ਇਸ ਸਬੰਧੀ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਅਜੀਬੋ ਗ਼ਰੀਬ ਉੱਕਰੇ ਚਿੱਤਰ ਵਾਲੇ 2 ਡਾਲਰ ਦੇ ਸਿੱਕਿਆਂ ਤੋਂ ਸਾਵਧਾਨ ਰਹਿਣ।
ਓਪੀਪੀ ਕਾਂਸਟੇਬਲ ਕੈਨੇਥ ਗ੍ਰੇਅ ਨੇ ਕਿਹਾ ਪਹਿਲੀ ਵਾਰ ਦੇਖਣ ‘ਚ ਇਹ ਬਿਲਕੁਲ ਅਸਲ 2 ਡਾਲਰ ਦੇ ਸਿੱਕੇ ਵਰਗੇ ਲੱਗਦੇ ਹਨ। ਬਸ ਤੁਹਾਨੂੰ ਇਹਨਾਂ ਨੂੰ ਬਹੁਤ ਧਿਆਨ ਨਾਲ ਦੇਖਣ ਦੀ ਜ਼ਰੂਰਤ ਹੈ।
ਪੁਲਿਸ ਨੇ ਇਸ ਜਾਅਲੀ ਕਰੰਸੀ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿਚ ਸਿੱਕੇ ਦੇ ਇੱਕ ਪਾਸੇ ਵਾਲਰਸ ਅਤੇ ਦੂਸਰੇ ਪਾਸੇ ਮਹਾਰਾਣੀ ਐਲੀਜ਼ਾਬੈਥ ਦੀ ਗ਼ਲਤ ਤਸਵੀਰ ਛਪੀ ਹੋਈ ਹੈ। ਸਿੱਕੇ ਉੱਪਰ ਅੰਗ੍ਰੇਜ਼ੀ ਵਿਚ 2 ਡਾਲਰ ਲਿਖੇ ਹੋਣ ਦੀ ਬਜਾਏ, 2 ਦੀ ਥਾਂ ‘ਤੇ ਅੰਗ੍ਰੇਜ਼ੀ ਦਾ Z ਅੱਖਰ ਛਪਿਆ ਹੈ ਅਤੇ ਡਾਲਰਜ਼ ਦੀ ਬਜਾਏ ਡਾਲਰਡ ਛਪਿਆ ਹੋਇਆ ਹੈ।
ਕੈਨੇਡੀਅਨ ਕਰੰਸੀ ਨੂੰ ਛਾਪਣ ਲਈ ਜ਼ਿੰਮੇਵਾਰ ਅਦਾਰੇ, ਰੌਇਲ ਕੈਨੇਡੀਅਨ ਮਿੰਟ ਦੇ ਬੁਲਾਰੇ, ਐਲਕਸ ਰੀਵਜ਼ ਨੇ ਕਿਹਾ ਕਿ ਇਹਨਾਂ ਸਿੱਕਿਆਂ ਨੂੰ ਨਕਲੀ ਕਰੰਸੀ ਮੰਨਿਆ ਜਾ ਸਕਦਾ ਹੈ ਜਾਂ ਨਹੀਂ, ਇਹ ਬਹਿਸਯੋਗ ਹੈ। ਰੀਵਜ਼ ਨੇ ਕਿਹਾ ਕਿ ਭਾਵੇਂ ਇਹ ਸਿੱਕੇ ਕੁਝ ਲੋਕਾਂ ਨੂੰ ਮੂਰਖ ਬਣਾ ਸਕਦੇ ਹਨ, ਪਰ ਜਾਅਲੀ ਸਿੱਕਿਆਂ ਵਿਚ ਅਸਲ ਸਿੱਕੇ ਦੇ ਹੋਰ ਫੀਚਰ ਦੀ ਨਕਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਹੈ।