ਜਲੰਧਰ: ਜਲੰਧਰ ਦੇ ਰਾਏਪੁਰ ਵਿਖੇ ਬੀਤੀ ਰਾਤ ਵਿੱਚ ਇੱਕ ਕੱਬਡੀ ਟੂਰਨਾਮੈਂਟ ਦੌਰਾਨ ਪੰਜਾਬੀ ਗਾਇਕ ਬੱਬੂ ਮਾਨ ਦਾ ਪ੍ਰੋਗਰਾਮ ਹੋ ਰਿਹਾ ਸੀ। ਇਸ ਦੌਰਾਨ ਕੁਝ ਨੌਜਵਾਨ ਹੁੱਲੜਬਾਜ਼ੀ ਕਰ ਰਹੇ ਸਨ ਜਿਨ੍ਹਾਂ ‘ਚੋਂ ਇੱਕ ਨੇ ਪੁਲਿਸ ‘ਤੇ ਹਮਲਾ ਕੀਤਾ। ਜਿਸ ‘ਚ ਏਐੱਸਆਈ ਵਰਦੀ ਫਟ ਗਈ ਤੇ ਉਹ ਜ਼ਖਮੀ ਹੋ ਗਏ।
ਇਸੇ ਦੌਰਾਨ ਭੀੜ ਬੇਕਾਬੂ ਹੋ ਗਈ ਤੇ ਲੋਕਾਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਲਾਠੀ ਚਾਰਜ ਕਰਨਾ ਪਿਆ। ਲਾਠੀਚਾਰਜ ਦੌਰਾਨ ਕੁੱਝ ਨੌਜਵਾਨ ਜ਼ਖਮੀ ਹੋ ਗਏ। ਜਿੰਨ੍ਹਾਂ ਨੂੰ ਇਲਾਜ ਲਈ ਜਲੰਧਰ ਦੇ ਸਿਵਿਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਪੁਲਿਸ ਨੇ ਪਿੰਡ ਖਜੂਰਲਾ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਦੇ ਖਿਲਾਫ ਆਈਪੀਸੀ ਦੀ ਧਾਰਾ 353/186/332/148/149 ਦੇ ਤਹਿਤ ਕੇਸ ਦਰਜ ਕਰ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਗੁਰਵਿੰਦਰ ਦੇ ਵੀ ਸੱਟਾਂ ਲੱਗੀਆਂ ਹਨ ਅਤੇ ਉਸ ਦਾ ਸਿਵਲ ਹਸਪਤਾਲ ਤੋਂ ‘ਚ ਇਲਾਜ ਵੀ ਕਰਵਾਇਆ ਗਿਆ।
ਜਾਣਕਾਰੀ ਮੁਤਾਬਕ ਪਿੰਡ ਰਾਏਪੁਰ ਫਰਾਲਾ ਵਿੱਚ ਕਬੱਡੀ ਟੂਰਨਾਮੈਂਟ ਸੀ, ਜਿਸ ਵਿੱਚ ਗਾਇਕ ਬੱਬੂ ਮਾਨ ਦਾ ਅਖਾੜਾ ਸੀ। ਏਐੱਸਆਈ ਨਰਿੰਦਰ ਮੋਹਨ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਅਤੇ ਉਸਦੇ ਸਾਥੀ ਜ਼ਬਰਦਸਤੀ ਸਟੇਜ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਹੁੱਲੜਬਾਜ਼ੀ ਕਰ ਰਹੇ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਰੋਕਣਾ ਚਾਹਿਆ ਤਾਂ ਗੁਰਵਿੰਦਰ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ।