ਚੰਡੀਗੜ੍ਹ: (ਅਵਤਾਰ ਸਿੰਘ): ਉੱਘੇ ਪੰਜਾਬੀ ਕਵੀ ਅਤੇ ਇਪਟਾ ਲਹਿਰ ਦੇ ਸਰਗਰਮ ਰੰਗ-ਕਰਮੀ ਮੱਲ ਸਿੰਘ ਰਾਮਪੁਰੀ ਸਾਡੇ ਵਿਚਕਾਰ ਨਹੀਂ ਰਹੇ। ਉਹ ਰਾਜਸੀ ਤੌਰ ‘ਤੇ ਚੇਤਨ ਲੇਖਕ ਸਨ ਅਤੇ ਉਨ੍ਹਾਂ ਨੇ ਲੋਕ-ਪੱਖੀ ਰਾਜਸੀ ਸਰਗਰਮੀ ਵਿੱਚ ਮੂਹਰਲੀਆਂ ਸਫ਼ਾਂ ਵਿੱਚ ਕੰਮ ਕੀਤਾ।
ਉਨ੍ਹਾਂ ਦੇ ਚਾਰ ਕਾਵਿ-ਨਾਟ-ਸੰਗ੍ਰਹਿ – ‘ਸਵੇਰ ਦੀ ਚੜ੍ਹਤ’, ‘ਸੁਮੇਲ ਦਾ ਜਾਇਆ’, ‘ਸ਼ਾਹੀ ਮੰਗਤੇ’ ਤੇ ‘ਸੱਚ ਦਾ ਸੂਰਜ’ ਅਤੇ ਦੋ ਕਾਵਿ-ਸੰਗ੍ਰਹਿ – ‘ਜੇਲ੍ਹਾਂ ਜਾਈ’ ਤੇ ‘ਹਰ ਪਾਸੇ ਚਮਕੌਰ ਗੜ੍ਹੀ ਹੈ’ ਛਪੇ ਹਨ। ‘ਗਜ਼ਨੀ ਤੋਂ ਰਾਮਪੁਰ’ ਉਨ੍ਹਾਂ ਦੀ ਇਤਿਹਾਸਕ ਖੋਜ ਹੈ। ਇਸ ਵੱਡੀ-ਆਕਾਰੀ ਗ੍ਰੰਥ ਵਿੱਚ ਮਾਂਗਟਾਂ ਅਤੇ ਰਾਮਪੁਰ ਪਿੰਡ ਦਾ ਇਤਿਹਾਸ ਕਾਨੀਬੱਧ ਹੋਇਆ ਹੈ। ਮੱਲ ਸਿੰਘ ਰਾਮਪੁਰੀ ਬੇਬਾਕ ਤੇ ਜੁਝਾਰੂ ਲੇਖਕ ਸਨ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਰਾਮਪੁਰੀ ਦੇ ਸਦੀਵੀ ਵਿਛੋੜੇ ਕਾਰਨ ਅਸੀਂ ਇੱਕ ਸੁਹਿਰਦ, ਪ੍ਰਤੀਬੱਧ ਅਤੇ ਪ੍ਰਤਿਭਾਵਾਨ ਲੇਖਕ ਦੀ ਰਹਿਨੁਮਾਈ ਤੋਂ ਵਾਂਝੇ ਹੋ ਗਏ ਹਾਂ। ਕੇਂਦਰੀ ਪੰਜਾਬੀ ਲੇਖਕ ਸਭਾ ਉਨ੍ਹਾਂ ਦੇ ਪਰਿਵਾਰ ਤੇ ਸਨੇਹੀਆਂ ਨਾਲ ਆਪਣੀ ਹਾਰਦਿਕ ਸੰਵੇਦਨਾ ਸਾਂਝੀ ਕਰਦੀ ਹੈ।