ਮੁਹਾਲੀ (ਦਰਸ਼ਨ ਸਿੰਘ ਖੋਖਰ) : ‘ਦੇਸ਼ ਦਾ ਰਾਜਾ ਜਦੋਂ ਕੰਨਾ ਤੋਂ ਬੋਲਾ ਹੋ ਜਾਵੇ ਤਾਂ ਆਮ ਲੋਕਾਂ ਦਾ ਉਹ ਕੀ ਭਲਾ ਕਰੇਗਾ’, ਇਹ ਕਹਿਣਾ ਹੈ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦਾ। ਉਹ ਮੁਹਾਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਦੇ ਅੜਿਅਲ ਰਵਈਏ ਸਬੰਧੀ ਆਪਣੀ ਪ੍ਰਤਿਕਿਰਿਆ ਦੇ ਰਹੇ ਸਨ। ਸਿੱਧੂ ਨੇ ਕਿਹਾ ਕਿ ਸਾਡੇ ਸੂਬੇ ਦੀ ਆਰਥਿਕਤਾ ਕਿਸਾਨੀ ‘ਤੇ ਨਿਰਭਰ ਹੈ, ਕੇਂਦਰ ਇਸ ਗੱਲ ਤੋਂ ਭਲੀਭਾਂਤ ਜਾਣੂ ਹੈ, ਇਸੇ ਕਰਕੇ ਪ੍ਰਧਾਨ ਮੰਤਰੀ ਜਾਣਬੁੱਝ ਕਿਸਾਨੀ ਅੰਦੋਲਨ ਦਾ ਹੱਲ ਨਹੀਂ ਕਰ ਰਹੇ।
ਸਿੱਧੂ ਨੇ ਕਿਹਾ ਕਿ ਕਿਸਾਨੀ ਅੰਦੋਲਨ ਸ਼ੁਰੂ ਹੋਏ ਨੂੰ 200 ਤੋਂ ਵੱਧ ਦਿਨ ਬੀਤ ਚੁੱਕੇ ਹਨ ਸੈਂਕੜੇ ਕਿਸਾਨ ਸ਼ਹੀਦ ਹੋਏ ਨੇ, ਪਰ ਕੇਂਦਰ ਸਰਕਾਰ ਨੂੰ ਇਸਦੀ ਪ੍ਰਵਾਹ ਹੀ ਨਹੀਂ। ਕੇਂਦਰ ਦੇ ਅੜੀਅਲ ਵਤੀਰੇ ਕਾਰਨ ਦੇਸ਼ ਦਾ ਹਰ ਵਰਗ ਦੁਖੀ ਹੈ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਮੁਹਾਲੀ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਮੁਹਾਲੀ ਦੇ ਮੇਅਰ ਨੂੰ ਦੱਸ ਕਰੋੜ ਦਾ ਚੈੱਕ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੁਹਾਲੀ ਸ਼ਹਿਰ ਦੇ ਜਿਹੜੇ ਵਿਕਾਸ ਕਾਰਜ ਆਰੰਭੇ ਗਏ ਹਨ ਉਹ ਪੂਰੇ ਕੀਤੇ ਜਾਣਗੇ ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਟੀਚਰ ਯੂਨੀਅਨ ਦੀਆਂ ਮੰਗਾਂ ਬਾਰੇ ਅੱਜ ਕੈਬਨਿਟ ਮੀਟਿੰਗ ਵਿੱਚ ਕੋਈ ਠੋਸ ਹੱਲ ਸਰਕਾਰ ਵੱਲੋਂ ਕੀਤਾ ਜਾ ਸਕਦਾ ਹੈ।
6ਵੇਂ ਪੇਅ ਕਮਿਸ਼ਨ ਸਬੰਧੀ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜਲਦੀ ਛੇਵਾਂ ਪੇ ਕਮਿਸ਼ਨ ਲਾਗੂ ਹੋਣ ਜਾ ਰਿਹਾ ਹੈ ਇਸ ਨਾਲ ਬਹੁਤ ਸਾਰੇ ਮਸਲੇ ਹੱਲ ਹੋ ਜਾਣਗੇ ।
ਕਾਂਗਰਸ ਵਿਚ ਬਦਲਾਅ ਬਾਰੇ ਉਨ੍ਹਾਂ ਨੇ ਕਿਹਾ ਕਿ ਇਹ ਸਾਰਾ ਫ਼ੈਸਲਾ ਹਾਈਕਮਾਨ ਹੀ ਲਵੇਗਾ । ਵਿਕਸਿਤ ਸਕੈਮ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਇਹ ਕੋਈ ਘਪਲਾ ਨਹੀਂ ਹੋਇਆ, ਜੇਕਰ ਹੋਇਆ ਵੀ ਹੈ ਤਾਂ ਉਨ੍ਹਾਂ ਨੇ ਜਲਦੀ ਉਸ ਉੱਤੇ ਐਕਸ਼ਨ ਲਿਆ ਹੈ।
ਰਵਨੀਤ ਬਿੱਟੂ ਦੇ ਦਲਿਤ ਭਾਈਚਾਰੇ ਨੂੰ ਲੈ ਕੇ ਦਿੱਤੇ ਬਿਆਨ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਬਿਆਨ ਦੇਣ ਤੋਂ ਸੰਕੋਚ ਕਰਨਾ ਚਾਹੀਦਾ ਹੈ।