ਲੰਡਨ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਹਸਪਤਾਲ ਤੋਂ ਛੁੱਟੀ ਲੈ ਕੇ ਘਰ ਆ ਚੁੱਕੇ ਹਨ ਇਸਦੇ ਨਾਲ ਹੀ ਉਨ੍ਹਾਂ ਨੇ ਫਿਰ ਤੋਂ ਸਰਕਾਰੀ ਕੰਮਕਾਜ ਸੰਭਾਲਣਾ ਸ਼ੁਰੂ ਕਰ ਦਿੱਤਾ ਹੈ। ਉਹ ਹਾਲੇ ਘਰ ਹੀ ਇਲਾਜ ਕਰਵਾ ਰਹੇ ਹਨ ਤੇ ਉਥੋਂ ਹੀ ਉਹ ਜ਼ਰੂਰੀ ਕੰਮ ਦੇਖ ਰਹੇ ਹਨ ਅਤੇ ਫੋਨ ‘ਤੇ ਨਿਰਦੇਸ਼ ਦੇ ਰਹੇ ਹਨ। ਕੋਰੋਨਾ ਨਾਲ ਪੀੜਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਕਈ ਦਿਨ ਤਕ ਆਈਸੀਯੂ ਵਿਚ ਰਹਿਣ ਤੋਂ ਬਾਅਦ ਹਾਲ ਹੀ ਵਿਚ ਉਹ ਸਿਹਤਯਾਬ ਹੋ ਕੇ ਹਸਪਤਾਲ ਤੋਂ ਬਾਹਰ ਆਏ ਹਨ।,
ਰਿਪੋਰਟਾਂ ਮੁਤਾਬਕ ਜੌਹਨਸਨ ਨੇ ਆਪਣੇ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਨਿਰਦੇਸ਼ ਦੇਣੇ ਸ਼ੁਰੂ ਕਰ ਦਿੱਤਾ ਹੈ। ਜਲਦ ਹੀ ਉਹ ਪ੍ਰਧਾਨ ਮੰਤਰੀ ਦੇ ਰੂਪ ਵਿਚ ਪਹਿਲਾਂ ਦੀ ਤਰ੍ਹਾਂ ਦੇਸ਼ ਨੂੰ ਪੂਰਾ ਸਮਾਂ ਦੇਣ ਲੱਗਣਗੇ। ਹਾਲ ਦੇ ਦਿਨਾਂ ਵਿਚ ਜੌਹਨਸਨ ਨੇ ਸਰਕਾਰ ਦਾ ਆਰਜ਼ੀ ਰੂਪ ਨਾਲ ਕੰਮਕਾਜ ਸੰਭਾਲ ਰਹੇ ਵਿਦੇਸ਼ ਮੰਤਰੀ ਡੌਮੀਨਿਕ ਰਾਬ ਅਤੇ ਹੋਰ ਸੀਨੀਅਰ ਮੰਤਰੀਆਂ ਨੂੰ ਫੋਨ ‘ਤੇ ਜ਼ਰੂਰੀ ਨਿਰਦੇਸ਼ ਦਿੱਤੇ ਸਨ। ਸ਼ੁੱਕਰਵਾਰ ਨੂੰ ਉਨ੍ਹਾਂ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਤਿੰਨ ਘੰਟੇ ਤਕ ਬੈਠਕ ਕਰਕੇ ਕੋਰੋਨਾ ਵਾਇਰਸ ਤੋਂ ਪੈਦਾ ਹਾਲਾਤ ਦੀ ਸਮੀਖਿਆ ਕੀਤੀ ਸੀ।
ਪ੍ਰਧਾਨ ਮੰਤਰੀ ਦਫ਼ਤਰ ਨਾਲ ਸਬੰਧਤ ਮੰਤਰੀ ਰਾਬਰਟ ਜੈਨਰਿਕ ਮੁਤਾਬਕ, ਜੌਹਨਸਨ ਫਿਲਹਾਲ ਜ਼ਰੂਰੀ ਫੋਨ ਕਾਲ ਹੀ ਕਰ ਰਹੇ ਹਨ ਅਤੇ ਜ਼ਿਆਦਾਤਰ ਨਿਰਦੇਸ਼ ਆਪਣੇ ਦਫ਼ਤਰ ਦੇ ਜ਼ਰੀਏ ਦੇ ਰਹੇ ਹਨ।