ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੰਡੀਅਨ ਚੈਂਬਰ ਆਫ ਕਾਮਰਸ (ਆਈਸੀਸੀ) ਦੇ 95 ਵੇਂ ਸਾਲਾਨਾ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ। ਇਹ ਪ੍ਰੋਗਰਾਮ ਕੋਲਕਾਤਾ ‘ਚ ਹੋ ਰਿਹਾ ਹੈ। ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਰਕਾਰ ਦਾ ਮੁੱਖ ਟੀਚਾ ਕੋਰੋਨਾ ਦੇ ਸੰਕਰਮਣ ਨੂੰ ਰੋਕਣ ਦੇ ਨਾਲ-ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਮੁੜ ਲੀਹ ‘ਤੇ ਲਿਆਉਣਾ ਹੈ। ਪ੍ਰੋਗਰਾਮ ਦੌਰਾਨ ਪੀਐੱਮ ਮੋਦੀ ਨੇ ਕਿਹਾ ਕਿ ਇਸ ਆਪਦਾ ਨੂੰ ਇਕ ਮੌਕਾ ‘ਚ ਬਦਲਣਾ ਹੈ ਅਤੇ ਇਸ ਨੂੰ ਦੇਸ਼ ਦਾ ਸਭ ਤੋਂ ਵੱਡਾ ਟਰਨਿੰਗ ਪੁਆਇੰਟ ਵੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ‘ਚ ਦੇਸ਼ ਦਾ ਆਤਮ ਨਿਰਭਰ ਹੋਣਾ ਬੇਹੱਦ ਜ਼ਰੂਰੀ ਹੈ। ਭਾਰਤ ਨੂੰ ਦੂਜੇ ਦੇਸ਼ਾਂ ‘ਤੇ ਆਤਮ ਨਿਰਭਰਤਾ ਘੱਟ ਕਰਨੀ ਹੋਵੇਗੀ। ਪੀਐੱਮ ਮੋਦੀ ਨੇ ਕਿਹਾ ਕਿ ਇਹ ਅਜਿਹਾ ਸਮਾਂ ਹੈ ਕਿ ‘ਲੋਕਲ ਲਈ ਵੋਕਲ’ ਹੋਇਆ ਜਾਵੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਈ.ਸੀ.ਸੀ. ਨੇ ਆਪਣੇ 95 ਸਾਲ ਦੇ ਸਫਰ ਦੌਰਾਨ ਬਹੁਤ ਕੁਝ ਵੇਖਿਆ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਦੀ ਬੈਠਕ ਅਜਿਹੇ ਸਮੇਂ ‘ਚ ਹੋ ਰਹੀ ਹੈ ਜਦੋਂ ਦੇਸ਼ ਕੋਰੋਨਾ ਮਹਾਮਾਰੀ, ਟਿੱਡੀ ਦਲ ਦੇ ਹਮਲੇ ਅਤੇ ਹੋਰ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਖ਼ਿਲਾਫ਼ ਲੜਾਈ ਨੇ ਦੇਸ਼ ਵਾਸੀਆਂ ਨੂੰ ਹੋਰ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੀ ਜੰਗ ਭਾਰਤ ਲਈ ਇੱਕ ਵੱਡੀ ਚੁਣੌਤੀ ਹੈ ਅਤੇ ਆਪਸੀ ਇੱਕਜੁੱਟਤਾ ਨਾਲ ਵੱਡੀ ਤੋਂ ਵੱਡੀ ਆਪਦਾ ਦਾ ਵੀ ਸਾਹਮਣਾ ਕੀਤਾ ਜਾ ਸਕਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਸਮੇਂ ਭਾਰਤ ‘ਚ ਇਕ ਹੋਰ ਮੁਹਿੰਮ ਚੱਲ ਰਹੀ ਹੈ। ਦੇਸ਼ ਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤ ਕਰਨ ਦਾ। ਇਸ ‘ਚ ਲੋਕ, ਗ੍ਰਹਿ ਅਤੇ ਲਾਭ ਤਿੰਨੋਂ ਵਿਸ਼ੇ ਸ਼ਾਮਲ ਹਨ। ਖ਼ਾਸਕਰ ਪੱਛਮੀ ਬੰਗਾਲ ਲਈ ਇਹ ਬਹੁਤ ਲਾਭਕਾਰੀ ਹੈ। ਇਹ ਤੁਹਾਡੇ ਜੂਟ ਕਾਰੋਬਾਰ ਦੇ ਵਧਣ ਦੀਆਂ ਸੰਭਾਵਨਾਵਾਂ ਨੂੰ ਵਧਾਉਂਦਾ ਹੈ। ਲੋਕ, ਗ੍ਰਹਿ ਅਤੇ ਲਾਭ ਇੱਕ ਦੂਜੇ ਨਾਲ ਜੁੜੇ ਹੋਏ ਹਨ। ਇਹ ਤਿੰਨੋਂ ਇਕੱਠੇ ਵਿਕਾਸ ਕਰ ਸਕਦੇ ਹਨ, ਅਤੇ ਇੱਕਠੇ ਕੰਮ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅੱਜ ਪੂਰੀ ਦੁਨੀਆ ਗਲੋਬਲ ਕੋਰੋਨਾ ਮਹਾਮਾਰੀ ਨਾਲ ਲੜ ਰਹੀ ਹੈ ਅਤੇ ਅਜਿਹੇ ਮੁਸ਼ਕਲ ਸਮੇਂ ‘ਚ ਭਾਰਤ ਹਮੇਸ਼ਾਂ ਅੱਗੇ ਵੱਧ ਕੇ ਸਾਹਮਣੇ ਆਇਆ ਹੈ। ਇਸ ਆਫਤ ਦੀ ਘੜੀ ‘ਚ ਦੇਸ਼ ਨੂੰ ਆਤਮ ਨਿਰਭਰ ਬਣਨ ਦੀ ਸਖਤ ਜ਼ਰੂਰਤ ਹੈ।