ਵੱਡਾ ਖੁਲਾਸਾ : ਸੁਖਬੀਰ ਨੂੰ ਬੰਬ ਨਾਲ ਉਡਾਉਣ ਦੀ ਸੀ ਤਿਆਰੀ?

TeamGlobalPunjab
2 Min Read

ਪੰਜ ਸਤੰਬਰ ਨੂੰ ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ‘ਚ ਹੋਏ ਧਮਾਕੇ ‘ਚ ਦੋ ਵਿਅਕਤੀਆਂ ਦੀ ਮੌਤ ਦੀ ਜਾਂਚ ਦੌਰਾਨ ਇੱਕ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਜਾਣਕਾਰੀ ਮੁਤਾਬਿਕ ਇਹ ਦੋ ਬੰਬ 2016 ‘ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਹੱਤਿਆ ਲਈ ਤਿਆਰ ਕੀਤੇ ਗਏ ਸਨ। ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਕਿਹਾ ਕਿ ਉਸ ਸਮੇਂ ਭਾਰੀ ਸੁਰੱਖਿਆ ਹੋਣ ਕਾਰਨ ਉਹ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੋ ਸਕੇ ਤੇ ਉਨ੍ਹਾਂ ਨੇ ਇਹ ਬੰਬ ਖੇਤ ‘ਚ ਦੱਬ ਦਿੱਤੇ ਸਨ।

ਮੀਡੀਆ ਰਿਪੋਰਟਾਂ ਮੁਤਾਬਿਕ ਗ੍ਰਿਫਤਾਰ ਕੀਤੇ ਗਏ ਮਲਕੀਤ ਸਿੰਘ ਸ਼ੇਰਾ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਦਾ ਮੁਖੀ ਬਿਕਰਮ ਸਿੰਘ ਪੰਜਵੜ ਉਰਫ ਬਿੱਕਰ ਹੈ ਅਤੇ ਉਹ ਦੋਵੇਂ ਸਾਲ 2014 ਦੌਰਾਨ ਆਪਸ ਵਿੱਚ ਮਿਲੇ ਸਨ। ਸ਼ੇਰਾ ਅਨੁਸਾਰ ਬਿੱਕਰ ਬੰਬ ਬਣਾਉਣ ਦਾ ਮਾਹਰ ਹੈ ਅਤੇ ਬਿੱਕਰ ਨੇ ਹੀ ਉਸ ਨੂੰ ਇਹ ਗੱਲ ਕਹੀ ਸੀ ਕਿ ਬੇਅਦਬੀ ਲਈ ਜਿੰਮੇਵਾਰ ਬਾਦਲ ਪਰਿਵਾਰ ਹੈ।

ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸ਼ੇਰਾ ਨੇ ਕਿਹਾ ਕਿ ਜਦੋਂ ਸਾਲ 2016 ਦੌਰਾਨ ਸੁਖਬੀਰ ਨੇ ਸ੍ਰੀ ਹਰਿਮੰਦਰ  ਸਾਹਿਬ ਜਾਣਾ ਸੀ ਤਾਂ ਉਨ੍ਹਾਂ ਵੱਲੋਂ ਸੁਖਬੀਰ ‘ਤੇ ਹਮਲੇ ਦੀ ਯੋਜਨਾ ਬਣਾਈ ਗਈ ਸੀ ਅਤੇ ਬੰਬਾ ਸਮੇਤ ਉਨ੍ਹਾਂ ਨੇ ਅਭਿਆਸ ਵੀ ਕਰ ਲਿਆ ਸੀ। ਪਰ ਉਸ ਦਿਨ ਸੁਖਬੀਰ ਦੀ ਭਾਰੀ ਸੁਰੱਖਿਆ ਦੇਖ ਕੇ ਬਿਕਰਮ ਡਰ ਗਿਆ ਅਤੇ ਉਹ ਯੋਜਨਾ ਅਸਫਲ ਰਹੀ। ਸ਼ੇਰਾ ਨੇ ਦੱਸਿਆ ਕਿ ਜੁਲਾਈ 2018 ‘ਚ ਬਿਕਰਮ ਅਰਮੀਨੀਆਂ ਦੇ ਰਸਤੇ ਤੋਂ ਆਸਟਰੀਆ ਭੱਜ ਗਿਆ।

ਜਾਣਕਾਰੀ ਮੁਤਾਬਿਕ ਸ਼ੇਰਾ ਨੇ ਕਿਹਾ ਕਿ ਬਿਕਰਮ ਨੇ ਬੰਬ ਬਣਾਉਣ  ਦੀ  ਸਿਖਲਾਈ ਗੁਰਜੰਟ ਸਿੰਘ ਤੋਂ ਲਈ ਸੀ। ਸ਼ੇਰਾ ਵੱਲੋਂ ਇਹ ਦਾਅਵਾ ਵੀ ਕੀਤਾ ਗਿਆ ਦੱਸਿਆ ਜਾਂਦਾ ਹੈ ਕਿ ਬਿਕਰਮ ਨੇ ਹੀ ਵਿਦੇਸ਼ ਤੋਂ ਗੁਰਜੰਟ ਅਤੇ ਉਸ (ਸ਼ੇਰਾ) ਨੂੰ ਆਦੇਸ਼ ਦਿੱਤਾ ਸੀ ਕਿ ਧਰਤੀ ਹੇਠਾਂ ਦੱਬੇ ਗਏ ਬੰਬਾ ਨੂੰ ਕੱਢ ਕੇ ਉਨ੍ਹਾਂ ਦਾ ਇਸਤੇਮਾਲ ਵੀਆਈਪੀ ਨੂੰ ਮਾਰਨ ਲਈ ਕੀਤਾ ਜਾਵੇ। ਸ਼ੇਰਾ ਅਨੁਸਾਰ ਪੰਜ ਸਤੰਬਰ ਨੂੰ ਜਦੋਂ ਬੰਬ ਧਮਾਕਾ ਹੋਇਆ ਤਾਂ ਗੁਰਜੰਟ ਅਤੇ ਉਸ ਦੇ ਦੋ ਸਾਥੀਆਂ ਹਰਪ੍ਰੀਤ ਸਿੰਘ ਅਤੇ ਬਿਕਰਮਜੀਤ ਬੰਬ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ। ਇਸੇ ਦੌਰਾਨ ਹੀ ਹਰਪ੍ਰੀਤ ਅਤੇ ਬਿਕਰਮਜੀਤ ਮਾਰੇ ਗਏ ਸਨ ਪਰ ਗੁਰਜੰਟ ਜ਼ਖਮੀ ਹੋ ਗਿਆ ਸੀ।

- Advertisement -

Share this Article
Leave a comment