ਚੰਡੀਗੜ੍ਹ: ਕਿਸਾਨ ਅੰਦੋਲਨ ਨੂੰ ਹੁਣ ਪੰਜਾਬ ਦੇ ਸਾਬਕਾ ਖਿਡਾਰੀਆਂ ਦਾ ਵੀ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਹੈ। ਖੇਤੀ ਕਾਨੂੰਨ ਦੇ ਵਿਰੋਧ ਵਿੱਚ ਪੰਜਾਬ ਦੇ ਸਾਬਕਾ ਖਿਡਾਰੀਆਂ ਨੇ ਵੱਡਾ ਐਲਾਨ ਕੀਤਾ ਹੈ। ਇਹਨਾਂ ਖਿਡਾਰੀਆਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ 5 ਦਸੰਬਰ ਤੱਕ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਆਪਣੇ ਐਵਾਰਡ ਵਾਪਸ ਕਰ ਦੇਣਗੇ।
ਖਿਡਾਰੀਆਂ ਲਈ ਜਿੱਤੇ ਹੋਏ ਐਵਾਰਡ ਹੀ ਸਭ ਤੋਂ ਵੱਡਾ ਸਨਮਾਨ ਤੇ ਦੌਲਤ ਹੁੰਦੀ ਹੈ। ਜਿਸ ਨੂੰ ਹੁਣ ਪਦਮਸ਼੍ਰੀ ਪਹਿਲਵਾਨ ਕਰਤਾਰ ਸਿੰਘ, ਅਰਜੁਨਾ ਐਵਾਰਡ ਜੇਤੂ ਤੇ ਸਾਬਕਾ ਬਾਸਕਿਟਬਾਲ ਖਿਡਾਰੀ ਸੱਜਣ ਸਿੰਘ ਚੀਮਾ, ਗੋਲਡਨ ਗਰਲ ਦੇ ਨਾਮ ਨਾਲ ਜਾਣੀ ਜਾਂਦੀ ਤੇ ਅਰਜੁਨਾ ਐਵਾਰਡ ਜੇਤੂ ਰਾਜਵੀਰ ਕੌਰ, ਓਲੰਪੀਅਨ ਗੁਰਮੇਲ ਸਿੰਘ, ਸਾਬਕਾ ਕ੍ਰਿਕਟ ਕੋਚ ਰਾਜਿੰਦਰ ਸਿੰਘ ਨੇ ਵਾਪਸ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਇਹਨਾਂ ਸਾਬਕਾ ਖਿਡਾਰੀਆਂ ਨੇ ਦਾਅਵਾ ਕੀਤਾ ਕਿ 5 ਦਸੰਬਰ ਤਕ ਅਸੀਂ ਸਰਕਾਰ ਦੇ ਫੈਸਲੇ ਦਾ ਇੰਤਜ਼ਾਰ ਕਰਾਂਗੇ, ਜੇਕਰ ਕਿਸਾਨਾਂ ਦੇ ਹੱਕ ‘ਚ ਫੈਸਲਾ ਨਾ ਆਇਆ ਤਾਂ ਅਸੀਂ ਦਿੱਲੀ ਨੂੰ ਵੀ ਕੂਚ ਕਰਾਂਗੇ। ਦਿੱਲੀ ਵਿੱਚ ਕਿਸਾਨਾਂ ਦੀ ਆਵਾਜ਼ ਬਣਕੇ ਕੇਂਦਰ ਸਰਕਾਰ ਖਿਲਾਫ਼ ਨਿੱਤਰਾਂਗੇ।
ਕਿਸਾਨਾਂ ਦੇ ਅੰਦੋਲਨ ਨੂੰ ਪੂਰੇ ਦੇਸ਼ ਭਰ ਤੋਂ ਸਮਰਥਨ ਮਿਲ ਰਿਹਾ ਹੈ। ਹਰਿਆਣਾ ਦੀਆਂ ਖਾਪ ਪੰਚਾਇਤਾਂ ਨੇ ਵੀ ਦਿੱਲੀ ਵੱਲ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਦਿੱਲੀ ਦੀਆਂ 10 ਟਰਾਂਸਪੋਰਟ ਯੂਨੀਅਨਾਂ ਨੇ ਵੀ ਕੇਂਦਰ ਸਰਕਾਰ ਨੂੰ ਦੋ ਦਿਨ ਦਾ ਅਲਟੀਮੇਟ ਦਿੱਤਾ ਹੋਇਆ ਕਿ ਜੇਕਰ ਕਿਸਾਨਾਂ ਦੀ ਮੰਗ ਨਾ ਮੰਨੀ ਗਈ ਤਾਂ ਦਿੱਲੀ ਨੂੰ ਜਾਣ ਵਾਲੀਆਂ ਟੈਕਸੀਆਂ, ਬੱਸਾਂ, ਟਰੱਕ ਬੰਦ ਕੀਤੇ ਜਾਣਗੇ।