ਪੰਜਾਬੀ ਜੋੜੇ ਨੂੰ ਵਿਆਹ ਤੋਂ 6 ਸਾਲ ਬਾਅਦ ਵੀ ਨਹੀਂ ਮਿਲੀ ਐਲਬਮ, ਅਦਾਲਤ ਨੇ ਫੋਟੋਗ੍ਰਾਫ਼ਰ ‘ਤੇ ਠੋਕਿਆ ਭਾਰੀ ਜ਼ੁਰਮਾਨਾ

TeamGlobalPunjab
3 Min Read

ਸਰੀ : ਸਰੀ ਦੇ ਇੱਕ ਪੰਜਾਬੀ ਜੋੜੇ ਨੂੰ ਵਿਆਹ ਤੋਂ 6 ਸਾਲ ਬਾਅਦ ਵੀ ਵਿਆਹ ਦੀ ਐਲਬਮ ਤੇ ਮੂਵੀ ਨਹੀਂ ਮਿਲੀ। ਜਿਸ ਲਈ ਅਦਾਲਤ ਨੇ ਫੋਟੋਗ੍ਰਾਫ਼ਰ ਨੂੰ ਕੰਮ ‘ਚ ਅਣਗਹਿਲੀ ਵਰਤਣ ’ਤੇ 22 ਹਜ਼ਾਰ ਡਾਲਰ ਜ਼ੁਰਮਾਨਾ ਅਦਾ ਕਰਨ ਦੇ ਹੁਕਮ ਸੁਣਾਏ ਹਨ।

ਸਰੀ ਦੀ ਬੀ.ਸੀ. ਪ੍ਰੋਵਿੰਸ਼ੀਅਲ਼ ਅਦਾਲਤ ਦੀ ਜੱਜ ਵੱਲੀਆਮਈ ਚੇਟੀਅਰ ਨੇ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਫ਼ੋਟੋਗ੍ਰਾਫ਼ਰ ਅਮਨ ਬਲ ਨੇ ਕਮਨ ਅਤੇ ਰਮਨਦੀਪ ਰਾਏ ਨੂੰ ਉਨਾਂ ਦੇ ਵਿਆਹ ਦੀ ਐਲਬਮ ਤੇ ਮੂਵੀ ਸਮੇਂ ਸਿਰ ਨਹੀਂ ਦਿੱਤੀ ਅਤੇ ਆਪਣੇ ਕੰਮ ‘ਚ ਅਣਗਹਿਲੀ ਵਰਤੀ। ਇਸ ਦੇ ਚਲਦਿਆਂ ਉਸ ਨੂੰ ਜੁਰਮਾਨਾ ਲਾਇਆ ਗਿਆ ਹੈ।

ਕਮਨ ਅਤੇ ਰਮਨਦੀਪ ਰਾਏ ਨੇ ਅਦਾਲਤ ਵਿੱਚ ਦੱਸਿਆ ਕਿ ਉਨਾਂ ਨੇ ਜੂਨ 2015 ਨੂੰ ਆਪਣੇ ਵਿਆਹ ‘ਚ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫ਼ੀ ਲਈ ਅਮਨ ਬਲ ਅਤੇ ਉਸ ਦੀ ਕੰਪਨੀ ਇਲੀਟ ਇਮੇਜਿਸ ਨਾਲ 8500 ਡਾਲਰ ਵਿੱਚ ਗੱਲ ਕੀਤੀ ਸੀ। ਅਮਨ ਬਲ ਇੱਕ ਪੇਸ਼ੇਵਰ ਫ਼ੋਟੋਗ੍ਰਾਫ਼ਰ ਹੈ, ਜਿਸ ਦਾ ਇਸ ਖੇਤਰ ਵਿੱਚ 15 ਤੋਂ 20 ਸਾਲ ਦਾ ਤਜ਼ਰਬਾ ਹੈ। ਉਹ ਮਿਊਜ਼ਿਕ ਵੀਡੀਓ ਅਤੇ ਫੈਸ਼ਨ ਸ਼ੋਅਜ਼ ਦੇ ਨਾਲ-ਨਾਲ ਵਿਆਹਾਂ ਵਿੱਚ ਫ਼ੋਟੋਗ੍ਰਾਫ਼ੀ ਅਤੇ ਵੀਡੀਓਗ੍ਰਾਫ਼ੀ ਦਾ ਵੀ ਕੰਮ ਕਰਦਾ ਹੈ। ਇਸ ਦੇ ਚਲਦਿਆਂ ਕਮਨ ਅਤੇ ਰਮਨਦੀਪ ਰਾਏ ਨੇ ਆਪਣੇ ਵਿਆਹ ‘ਚ ਫ਼ੋਟੋਗ੍ਰਾਫ਼ੀ ਤੇ ਵੀਡੀਓਗ੍ਰਾਫੀ ਲਈ ਉਸ ਨੂੰ ਬੁੱਕ ਕੀਤਾ ਸੀ, ਪਰ ਵਿਆਹ ਨੂੰ ਲੰਬਾ ਸਮਾਂ ਬੀਤਣ ਦੇ ਬਾਵਜੂਦ ਅਮਨ ਬੋਲ ਨੇ ਨਾਂ ਤਾਂ ਐਲਬਮ ਤੇ ਨਾਂ ਹੀ ਵਿਆਹ ਦੀ ਮੂਵੀ ਉਨਾਂ ਨੂੰ ਬਣਾ ਕੇ ਦਿੱਤੀ।

ਕਾਫ਼ੀ ਸਾਲ ਦੇ ਇੰਤਜ਼ਾਰ ਤੋਂ ਬਾਅਦ ਉਨਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ। ਫੋਟੋਗ੍ਰਾਫ਼ਰ ਅਮਨ ਬਲ ਨੇ ਅਦਾਲਤ ਵਿੱਚ ਆਪਣੇ ਬਚਾਅ ‘ਚ ਕਿਹਾ ਕਿ ਉਸ ਨੇ ਕਮਨ ਤੇ ਅਮਨਦੀਪ – ਰਾਏ ਨੂੰ ਐਲਬਮ ਤੇ ਮੂਵੀ ਇਸ ਲਈ ਨਹੀਂ ਦਿੱਤੀ ਕਿਉਂਕਿ ਉਨਾਂ ਵੱਲ ਉਸ ਦੇ 3500 ਡਾਲਰ ਬਕਾਇਆ ਹਨ। ਵਾਰ-ਵਾਰ ਕਹਿਣ ਦੇ ਬਾਵਜੂਦ ਉਨ੍ਹਾਂ ਨੇ ਉਸ ਦੇ ਬਕਾਏ ਦਾ ਭੁਗਤਾਨ ਨਹੀਂ ਕੀਤਾ। ਇਸ ਲਈ ਉਸ ਨੇ ਐਲਬਮ ਤੇ ਮੂਵੀ ਉਨਾਂ ਨੂੰ ਨਹੀਂ ਦਿੱਤੀ। ਅਮਨ ਬਲ ਤੇ ਉਸ ਦੇ ਵਕੀਲ ਨੇ ਇਹ ਵੀ ਦਲੀਲ ਦੇਣ ਦਾ ਯਤਨ ਕੀਤਾ ਕਿ ਇਸ ਮਾਮਲੇ ਵਿੱਚ ਅਮਨ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਣਾ ਚਾਹੀਦਾ, ਕਿਉਂਕਿ ਕਮਨ ਤੇ ਰਮਨਦੀਪ ਰਾਏ ਨੇ ਵਿਆਹ ਦੀ ਐਲਬਮ ਲਈ ਅਮਨ ਬਲ ਨਾਲ ਨਿੱਜੀ ਤੌਰ ‘ਤੇ ਨਹੀਂ, ਸਗੋਂ ਇਲੀਟ ਇਮੇਜਸ ਲਿਮਟਡ’ ਕੰਪਨੀ ਨਾਲ ਬੁਕਿੰਗ ਕੀਤੀ ਸੀ। ਹਾਲਾਂਕਿ ਜੱਜ ਨੇ ਅਮਨ ਬਲ ਦੇ ਇਹ ਸਾਰੇ ਤਰਕ ਨਹੀਂ ਸੁਣੇ ਅਤੇ ਜੋੜੇ ਦੇ ਹੱਕ ਵਿੱਚ ਫ਼ੈਸਲਾ ਸੁਣਾਉਂਦੇ ਹੋਏ ਫ਼ੋਟੋਗ੍ਰਾਫ਼ਰ ਨੂੰ 22 ਹਜ਼ਾਰ ਡਾਲਰ ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾ ਦਿੱਤਾ।

Share This Article
Leave a Comment