ਹਿਮਾਚਲ ਪ੍ਰਦੇਸ਼ ਦੇ ਮਰੀਜ਼ਾਂ ਨੂੰ ਹਿਮਕੇਅਰ ਸਕੀਮ ਤਹਿਤ PGI ਵਿੱਚ ਇਲਾਜ ਕਰਾਉਣਾ ਮੁਸ਼ਕਲ ਹੋ ਸਕਦਾ ਹੈ, ਕਿਉਂਕਿ ਹਿਮਾਚਲ ਸਰਕਾਰ ਨੇ ਹਿਮਕੇਅਰ ਅਧੀਨ ਮਰੀਜ਼ਾਂ ਦੇ ਇਲਾਜ ਦਾ ਭੁਗਤਾਨ ਨਹੀਂ ਕੀਤਾ ਹੈ। ਦੈਨਿਕ ਭਾਸਕਰ ਦੀ ਰਿਪੋਰਟ ਅਨੁਸਾਰ PGI ਦੇ ਹਿਮਾਚਲ ਸਰਕਾਰ ਵੱਲ ਹਿਮਾਚਲੀ ਮਰੀਜ਼ਾਂ ਦੇ ਮੁਫ਼ਤ ਇਲਾਜ ਵਾਲੇ 14 ਕਰੋੜ 30 ਲੱਖ ਰੁਪਏ ਬਕਾਇਆ ਪਿਆ ਹੈ।
ਕੇਂਦਰੀ ਸਿਹਤ ਮੰਤਰੀ ਨੱਡਾ ਨੇ PGI ਦੀ ਗਵਰਨਿੰਗ ਬਾਡੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਪੱਸ਼ਟ ਹਦਾਇਤਾਂ ਦਿੱਤੀਆਂ ਹਨ ਕਿ PGI ਹਿਮਾਚਲ ਸਰਕਾਰ ਕੋਲ ਹਿਮਕੇਅਰ ਅਧੀਨ ਮੁਫ਼ਤ ਇਲਾਜ ਲਈ ਬਕਾਇਆ ਅਦਾਇਗੀਆਂ ਦਾ ਮੁੱਦਾ ਤੁਰੰਤ ਪਹਿਲ ਦੇ ਆਧਾਰ ‘ਤੇ ਚੁੱਕੇ, ਤਾਂ ਜੋ ਬਕਾਇਆ ਅਦਾਇਗੀ ਸਮੇਂ ਸਿਰ ਯਕੀਨੀ ਬਣਾਈ ਜਾ ਸਕੇ।
ਜਿਕਰ ਏ ਖਾਸ ਹੈ ਕਿ PGI ਵਿੱਚ ਹਿਮਕੇਅਰ ਅਧੀਨ 1478 ਮਰੀਜ਼ਾਂ ਦੇ ਮੁਫ਼ਤ ਇਲਾਜ ਲਈ 14 ਕਰੋੜ 30 ਲੱਖ ਰੁਪਏ ਭੇਜੇ ਗਏ ਹਨ ਪਰ ਹਿਮਾਚਲ ਸਰਕਾਰ ਨੇ ਲੰਮੇ ਸਮੇਂ ਤੋਂ ਇਹ ਅਦਾਇਗੀ ਨਹੀਂ ਕੀਤੀ। ਗਵਰਨਿੰਗ ਬਾਡੀ ਨੇ ਕਿਹਾ ਕਿ ਰਾਸ਼ੀ ਦਾ ਭੁਗਤਾਨ ਨਾ ਕਰਨਾ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸ ਨਾਲ ਨਾ ਸਿਰਫ਼ PGI ‘ਤੇ ਵਾਧੂ ਵਿੱਤੀ ਬੋਝ ਪੈ ਰਿਹਾ ਹੈ ਬਲਕਿ ਭਵਿੱਖ ਵਿੱਚ ਇਸ ਨੂੰ ਆਡਿਟ ਇਤਰਾਜ਼ਾਂ ਸਮੇਤ ਹੋਰ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਥੋਂ ਤੱਕ ਕਿ MOU ਵੀ ਰੱਦ ਹੋ ਸਕਦਾ ਹੈ। ਗਵਰਨਿੰਗ ਬਾਡੀ ਨੇ PGI ਪ੍ਰਸ਼ਾਸਨ ਨੂੰ ਹਿਮਾਚਲ ਸਰਕਾਰ ਤੋਂ ਜਲਦੀ ਅਦਾਇਗੀ ਲਈ ਤੁਰੰਤ ਕਦਮ ਚੁੱਕਣ ਅਤੇ ਹਰ ਮਹੀਨੇ ਭੁਗਤਾਨ ਨੂੰ ਯਕੀਨੀ ਬਣਾਉਣ ਲਈ ਸਖ਼ਤ ਹਦਾਇਤਾਂ ਵੀ ਦਿੱਤੀਆਂ।