ਚੰਡੀਗੜ੍ਹ: ਕੋਵਿਡ 19 ਮਹਾਂਮਾਰੀ ਦੇ ਚਲਦੇ ਖੂਨ ਦਾਨ ਕਰਨ ਵਾਲਿਆਂ ਦੀ ਵੱਧਦੀ ਲੋੜ ਨੂੰ ਪੂਰਾ ਕਰਨਾ ਇਸ ਖਿੱਤੇ ‘ਚ ਇਕ ਚੁਣੌਤੀ ਵਾਂਗ ਹੈ।ਪਰ ਸਵੈ ਇੱਛਾ ਨਾਲ ਖੂਨ ਦਾਨ ਕਰਨ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਵਲੋਂ ਆਪ ਮੁਹਾਰੇ ਅੱਗੇ ਆਉਣ ਨਾਲ ਪੀਜੀਆਈ ਨੂੰ ਖੂਨ ਦਾਨ ਦੀ ਵਧੀ ਹੋਈ ਮੰਗ ਨੂੰ ਪੂਰਾ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਹੈ।
ਟਾਂਸਫਯੂਜਨ ਮੈਡੀਸਨ ਵਿਭਾਗ ਦੀ ਨਿਰੰਤਰਤਾ ਨਾਲ ਕੀਤੀਆਂ ਕੋਸ਼ਿਸ਼ਾਂ ਸਦਕੇ ਇਸ ਵੱਡੀ ਚਨੌਤੀ ਨੂੰ ਪੂਰਾ ਕੀਤਾ ਜਾ ਰਿਹਾ ਹੈ। ਵਿਭਾਗ ਵਲੋਂ ਨਾ ਸਿਰਫ ਖੂਨ ਦੀ ਮੰਗ ਨੂੰ ਹੀ ਪੂਰਾ ਕੀਤਾ ਜਾ ਰਿਹਾ ਹੈ ਸਗੋਂ ਯੂ ਟੀ ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਦੀਆਂ ਹਦਾਇਤਾਂ ਮੁਤਾਬਕ ਕੋਵਿਡ-19 ਪਲਾਜ਼ਮਾ ਬੈਂਕ ਨੂੰ ਵੀ ਸ਼ੁਰੂ ਕਰਨ ਦੀ ਪਹਿਲ ਕਦਮੀ ਕੀਤੀ ਗਈ ਹੈ।
ਇਹ ਬਿਆਨ ਜਾਰੀ ਕਰਦੇ ਹੋਏ ਪੀਜੀਆਈ ਦੇ ਡਾਇਰੈਕਟਰ ਪ੍ਰੋਫੈਸਰ ਜਗਤ ਰਾਮ ਨੇ ਟਾਂਸਫਯੂਜਨ ਮੈਡੀਸਨ ਵਿਭਾਗ ਵਲੋਂ ਕਲ ਇਕ ਅਕਤੂਬਰ ਨੂੰ ਰਾਸ਼ਟਰੀ ਸਵੈ ਇੱਛਾ ਖੂਨ ਦਾਨ ਦਿਹਾੜਾ ਮਨਾਏ ਜਾਣ ਦੀ ਸ਼ਲਾਘਾ ਕੀਤੀ। ਇਸ ਸਾਲ ਇਸ ਦਿਹਾੜੇ ਦਾ ਥੀਮ ‘ਆਓ ਕਰੋਨਾ ਨਾਲ ਲੜਨ ਲਈ ਸਵੈ ਇੱਛਾ ਨਾਲ ਖੂਨ ਦਾਨ ਕਰੀਏ ‘ ਰੱਖਿਆ ਗਿਆ ਹੈ ਜੋ ਕਿ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਕਲਿਆਣ ਮਹਿਕਮੇ ਹੇਠ ਆਉਂਦੀ ਨੈਸ਼ਨਲ ਬਲੱਡ ਟਾਂਸਫਯੂਜਨ ਕਾਉਂਸਲ ਵਲੋਂ ਜਾਰੀ ਕੀਤਾ ਗਿਆ ਹੈ।
ਪ੍ਰੋਫੈਸਰ ਰਤੀ ਰਾਮ ਸ਼ਰਮਾ ਨੇ ਕਿਹਾ ਕਿ ਪਲਾਜ਼ਮਾ ਬੈਂਕ ਕਰੋਨਾ ਤੋਂ ਠੀਕ ਹੋ ਚੁੱਕੇ ਮਰੀਜਾਂ ਨੂੰ ਪਲਾਜ਼ਮਾ ਦਾਨ ਕਰਨ ਲਈ ਜਾਗਰੂਕ ਕਰੇਗਾ ਅਤੇ ਇਸ ਗੱਲ ਨੂੰ ਯਕੀਨੀ ਬਣਾਏਗਾ ਕਿ ਪਲਾਜ਼ਮਾ ਤੇ ਖੂਨ ਦਾਨੀਆਂ ਦੀ ਸੁਰਖਿਆ ਦਾ ਪੂਰਾ ਧਿਆਨ ਰੱਖਿਆ ਜਾਵੇ।
ਐਸੋਸੀਏਟ ਪ੍ਰੋਫੈਸਰ ਡਾਕਟਰ ਸੁਚੇਤ ਸਚਦੇਵਾ ਨੇ ਦੱਸਿਆ ਕਿ ਇਸ ਲਗਾਏ ਜਾ ਰਹੇ ਕੈਂਪ ਦੇ ਸਟਾਰ ਪਲਾਜ਼ਮਾ ਦਾਨੀ ਮਲਕੀਤ ਸਿੰਘ ਅਜੇ ਤੱਕ ਚਾਰ ਵਾਰ ਆਪਣਾ ਪਲਾਜ਼ਮਾ ਦਾਨ ਕਰ ਚੁੱਕੇ ਹਨ। ਉਹਨਾਂ ਨੇ ਦਸਿਆ ਕਿ ਫਿਜ਼ਾ ਗੁਪਤਾ ਤੇ ਉਸ ਦੇ ਭਰਾ ਅਰਨਵ ਗੁਪਤਾ ਪਹਿਲੇ ਸਨ ਜਿਹਨਾਂ ਨੇ ਪਰਿਵਾਰਕ ਤੋਰ ਤੇ ਪਲਾਜ਼ਮਾ ਦਾਨ ਕੀਤਾ।
ਇਸ ਤੋਂ ਇਲਾਵਾ ਅਨਿਲ ਗੁਪਤਾ ਤੇ ਉਹਨਾਂ ਦੀ ਬੇਟੀ ਮਹਿਕ ਗੁਪਤਾ ਦੋ ਭਰਾਵਾਂ ਭਾਰਤ ਅਰੋੜਾ ਤੇ ਵਿਨਾਇਕ ਅਰੋੜਾ, ਰਾਧੇਸ਼ਾਮ ਪਰਜਾਪਤੀ ਅਤੇ ਉਹਨਾਂ ਦੇ ਰਿਸ਼ਤੇਦਾਰ ਅਜੇ ਕੁਮਾਰ ਇਹਨਾਂ ਨੇ ਪਰਿਵਾਰਕ ਰੂਪ ‘ਚ ਪਲਾਜ਼ਮਾ ਦਾਨ ਕੀਤਾ। ਪਹਿਲਾਂ ਕਦਮੀ ਕਰਦੇ ਹੋਏ ਪੀਜੀਆਈ ਤੋਂ ਵੀ ਠੀਕ ਹੋਏ ਮੁਲਾਜਮਾਂ ਅਤੇ ਡਾਕਟਰਾਂ ਵੀ ਪਲਾਜ਼ਮਾ ਦਾਨ ਕਰਨਗੇ।