ਚੰਡੀਗੜ੍ਹ, (ਅਵਤਾਰ ਸਿੰਘ) : ਕਰੋਨਾ ਦੀ ਦੂਜੀ ਲਹਿਰ ਦੇ ਵਾਧੇ ਨੇ ਪਿੰਡਾਂ ਨੂੰ ਵੀ ਆਪਣੀ ਗ੍ਰਿਫਤ ਵਿੱਚ ਲੈ ਲਿਆ ਹੈ। ਅਫਵਾਹਾਂ ਦਾ ਬਾਜ਼ਾਰ ਗਰਮ ਹੋਣ ਕਰਕੇ ਲੋਕ ਟੀਕਾ ਲਗਵਾਉਣ ਤੋਂ ਝਿਜਕਦੇ ਹਨ। ਪਰ ਕਈ ਪਿੰਡਾਂ ਦੇ ਵਾਸੀਆਂ ਦੀ ਸੂਝ-ਬੂਝ ਅਤੇ ਟੀਕਾਕਰਨ ਸਦਕਾ ਕੇਸਾਂ ਦੀ ਗਿਣਤੀ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ। ਕਪੂਰਥਲਾ ਜ਼ਿਲ੍ਹੇ ਦੀ ਭੁਲੱਥ ਤਹਿਸੀਲ ਵਿੱਚ ਪੈਂਦੇ ਪਿੰਡ ਨੰਗਲ ਲੁਬਾਣਾ ਵਿੱਚ ਕੋਰੋਨਾ ਦੀ ਪਹਿਲੀ ਲਹਿਰ ਦੇ ਦੌਰਾਨ ਪਾਜ਼ਿਟਿਵਿਟੀ ਦਰ 10 ਪ੍ਰਤੀਸ਼ਤ ਤੋਂ ਵੱਧ ਸੀ। ਅੱਜ ਇੱਕ ਨਾਟਕੀ ਵਾਪਸੀ ਵਿੱਚ ਦੂਸਰੀ ਲਹਿਰ ਦੌਰਾਨ 1% ਤੋਂ ਘੱਟ ਪਾਜ਼ਿਟਿਵਿਟੀ ਦਰ ਰਜਿਸਟਰ ਕਰਦੇ ਹੋਏ ਇਸ ਪਿੰਡ ਦੇ 45 ਸਾਲ ਅਤੇ ਇਸ ਤੋਂ ਵੱਧ ਉਮਰ ਸਮੂਹ ਦੇ 90% ਤੋਂ ਵੱਧ ਲਾਭਾਰਥੀਆਂ ਦਾ ਟੀਕਾਕਰਣ ਕੀਤਾ ਗਿਆ ਹੈ।
ਸਥਾਨਕ ਲੋਕਾਂ ਵਿੱਚ ਕੁਝ ਝਿਜਕ ਹੋਣ ਦੇ ਕਾਰਨ 2020 ਵਿੱਚ ਕੋਰੋਨਾ ਮਹਾਮਾਰੀ ਦੀ ਪਹਿਲੀ ਲਹਿਰ ਦੌਰਾਨ ਸਿਹਤ ਵਿਭਾਗ ਨੂੰ ਪਿੰਡ ਵਿੱਚ ਟੈਸਟਿੰਗ ਲਈ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਦੇ ਕਾਰਨ, ਲਗਭਗ 5000 ਦੀ ਆਬਾਦੀ ਵਾਲੇ ਇਸ ਪਿੰਡ ਵਿੱਚ ਪਾਜ਼ਿਟਿਵਿਟੀ ਦਰ 10% ਤੋਂ ਵੱਧ ਹੋ ਗਈ ਸੀ।
ਇਸ ਵਾਰ, ਪਿੰਡ ਵਾਸੀਆਂ ਅਤੇ ਸਿਹਤ ਵਿਭਾਗ ਨੇ ਇਸ ਮਹਾਮਾਰੀ ਵਿੱਚੋਂ ਬਾਹਰ ਨਿਕਲਣ ਨੂੰ ਇੱਕ ਚੁਣੌਤੀ ਵਜੋਂ ਲਿਆ। ਕੁੱਲ ਆਬਾਦੀ ਵਿੱਚੋਂ, 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਗਿਣਤੀ 1334 ਸੀ ਜਿਨ੍ਹਾਂ ਨੂੰ ਕਿ ਟੀਕਾਕਰਣ ਕਰਨ ਦਾ ਟੀਚਾ ਸੀ ਕਿਉਂਕਿ ਉਹ ਉੱਚ ਜੋਖਮ ਸ਼੍ਰੇਣੀ ਵਿੱਚ ਆਉਂਦੇ ਸਨ। ਪਿੰਡ ਵਾਸੀਆਂ ਦੇ ਵੱਡੇ ਸਹਿਯੋਗ ਨਾਲ, ਕਈ ਵਿਸ਼ੇਸ਼ ਕੈਂਪ ਲਗਾਏ ਗਏ; ਅਤੇ ਨਤੀਜੇ ਵਜੋਂ 45 ਸਾਲ ਤੋਂ ਵੱਧ ਉਮਰ ਦੀ ਆਬਾਦੀ ਵਿੱਚੋਂ 90% ਤੋਂ ਵੱਧ ਲੋਕਾਂ ਦਾ ਟੀਕਾਕਰਣ ਕਰ ਦਿੱਤਾ ਗਿਆ ਹੈ। ਪੰਤਾਲੀ (45) ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਟੀਕਾਕਰਣ ਬਾਰੇ ਗੱਲ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ (ਐੱਸਐੱਮਓ) ਡਾ. ਕਿਰਨਪ੍ਰੀਤ ਕੌਰ ਸੇਖੋਂ ਨੇ ਕਿਹਾ, “ਇਸ ਉਮਰ ਸਮੂਹ ਦੇ ਜਿਨ੍ਹਾਂ ਲੋਕਾਂ ਨੂੰ ਟੀਕਾ ਨਹੀਂ ਲਗਾਇਆ ਗਿਆ, ਉਹ ਜਾਂ ਤਾਂ ਵਿਦੇਸ਼ ਵਿੱਚ ਰਹਿੰਦੇ ਹਨ ਜਾਂ ਕਿਸੇ ਗੰਭੀਰ ਬਿਮਾਰੀ ਨਾਲ ਜੂਝ ਰਹੇ ਹਨ।”
ਕੀ ਕਹਿੰਦੇ ਹਨ ਡਿਪਟੀ ਕਮਿਸ਼ਨਰ : ਕਪੂਰਥਲਾ ਦੀ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਕਿਹਾ ਕਿ ਪ੍ਰਸ਼ਾਸਨ ਨੇ ਪਿੰਡ ਅਤੇ ਸਬ-ਡਵੀਜ਼ਨ ਨੂੰ ਸੁਰੱਖਿਅਤ ਰੱਖਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਕਈ ਜਾਗਰੂਕਤਾ ਪ੍ਰੋਗਰਾਮ ਵੀ ਚਲ ਰਹੇ ਹਨ ਕਿ ਅਗਿਆਨਤਾ ਇਸ ਬਿਮਾਰੀ ਦੇ ਹੋਰ ਫੈਲਾਅ ਦਾ ਕਾਰਨ ਨਾ ਬਣੇ। ਉਨ੍ਹਾਂ ਨੇ ਪਿੰਡ ਵਾਸੀਆਂ ਅਤੇ ਸਿਹਤ ਕਰਮਚਾਰੀਆਂ ਦੀ ਵੀ ਸ਼ਲਾਘਾ ਕੀਤੀ ਜਿਨ੍ਹਾਂ ਦਾ ਉਤਸ਼ਾਹ ਅਤੇ ਸੰਜੀਦਗੀ ਇਸ ਸਫ਼ਲਤਾ ਨੂੰ ਸੱਚ ਕਰਨ ਦੀ ਕੁੰਜੀ ਬਣੇ।