ਚੰਡੀਗੜ੍ਹ, (ਅਵਤਾਰ ਸਿੰਘ): ਕਿਸਾਨੀ ਸੰਘਰਸ਼ ਨੇ ਪੰਜਾਬ ਦੀ ‘ਉੜਤਾ ਪੰਜਾਬ’ ਵਾਲੀ ਦਿਖ ਨੂੰ ਮਿਟਾ ਕੇ ਇਸ ਦੀ ਸੰਘਰਸ਼ੀ ਦਿੱਖ ਨੂੰ ਸੰਸਾਰ ਅੱਗੇ ਪੇਸ਼ ਕੀਤਾ ਹੈ। ਇਹ ਸੰਘਰਸ਼ ਥੋਪੀ ਹੋਈ ਚੁੱਪ ਦਾ ਸੰਮਿਧਾਨ ਬਣਕੇ ਸਾਹਮਣੇ ਆਇਆ ਹੈ। ਪੰਜਾਬ ਵੰਡ ਦਰ ਵੰਡ ਦਾ ਸ਼ਿਕਾਰ ਹੁੰਦਾ ਰਿਹਾ ਹੈ। ਪੰਜਾਬ ਦਾ ਜੇਤੂ ਪੱਖ ਖ਼ੁਸ ਰਿਹਾ ਸੀ। ਪਰ ਇਸ ਕਿਸਾਨੀ ਸੰਘਰਸ਼ ਨੇ ਮੁੜ ਕੇ ਚੜ੍ਹਦੀ ਕਲਾ ਵਾਲੇ ਖਾਸੇ ਨੂੰ ਪ੍ਰਚੰਡ ਕੀਤਾ ਹੈ, ਕਿਉਂਕਿ ਪੰਜਾਬ ਨੇ ਇਥੇ ਉੱਠਣ ਵਾਲੀਆਂ ਸਾਰੀਆਂ ਲਹਿਰਾਂ ਨੂੰ ਸਕਰਾਤਮਕ ਤਰੀਕੇ ਨਾਲ ਲੈ ਕੇ ਉਨ੍ਹਾਂ ਦਾ ਜੁਵਾਬ ਦਿੱਤਾ ਹੈ। ਪੰਜਾਬ ਦਾ ਹਮੇਸ਼ਾ ਜੇਤੂ ਸਭਿਆਚਾਰ ਰਿਹਾ ਹੈ। ਇਹੀ ਉਘੜ ਕੇ ਹੁਣ ਸਾਹਮਣੇ ਆਇਆ ਹੈ। ਇਸ ਸਭਿਆਚਾਰ ਦੀ ਸ਼ੁਰੂਆਤ ਸਾਡੇ ਬਾਬੇ ਨਾਨਕ ਨੇ ਕੀਤੀ ਸੀ। ਖੇਤੀ ਸਬੰਧੀ ਕਾਨੂੰਨਾਂ ਨੇ ਪੰਜਾਬ ਦੇ ਪਰਜਾਤੰਤਰਿਕ ਢਾਂਚੇ ਨੂੰ ਵੰਗਾਰਿਆ ਹੈ। ਇਹ ਵਿਚਾਰ ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਵਲੋਂ ਅੱਜ ਦੇ ਭੱਖਦੇ ਮੁੱਦੇ ਤੇ ਮੰਚ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਦੀ ਅਗਵਾਈ ਵਿੱਚ “ਨਵੀਆਂ ਸਿਆਸੀ ਸਮੀਕਰਨਾਂ ਸਿਰਜਦਾ-ਕਿਸਾਨੀ ਸੰਘਰਸ਼“ ਵਿਸ਼ੇ ‘ਤੇ ਦੇਸ਼-ਵਿਦੇਸ਼ ਵਿੱਚ ਬੈਠੇ ਮੰਚ ਦੇ ਮੈਂਬਰਾਂ ਅਤੇ ਸਹਿਯੋਗੀਆਂ ਰਾਹੀਂ ਕਰਵਾਏ ਵੈਬੀਨਾਰ ਵਿੱਚ ਮੁੱਖ ਬੁਲਾਰੇ ਡਾ: ਬਲਕਾਰ ਸਿੰਘ ਨੇ ਕਹੇ। ਉਹਨਾ ਅੱਗੇ ਬੋਲਦਿਆਂ ਦਸਿਆ ਕਿ ਇਸ ਪੰਜਾਬ ਦਾ ਸਭਿਆਚਾਰ ਮੁੱਢ ਤੋਂ ਗਲੋਬਲ ਰਿਹਾ ਹੈ। ਹੁਣ ਵੀ ਇਹ ਕਿਸਾਨੀ ਸੰਘਰਸ਼ ਜਾਤਾਂ, ਮਜ਼ਹਬਾਂ, ਅਮੀਰ-ਗਰੀਬ ਤੋਂ ਉਪਰ ਉੱਠ ਕੇ ਲੜਿਆ ਜਾ ਰਿਹਾ ਹੈ। ਇਸ ਲਹਿਰ ਨੇ ਸਮਾਜ ਦੇ ਸਾਰੇ ਵਰਗਾ ਨੂੰ ਆਪਣਾ ਵਿਅਕਤੀਗਤ ਖਾਸਾ ਛੱਡ ਇਕੱਠੇ ਹੋਣ ਲਈ ਮਜ਼ਬੂਰ ਕਰ ਦਿੱਤਾ ਹੈ। ਇਹ ਇਸ ਦੀ ਵੱਡੀ ਪ੍ਰਾਪਤੀ ਹੈ। ਉਹ ਲੋਕ ਇਸਨੂੰ ‘ਮੇਲੇ’ ਦੇ ਤੌਰ ‘ਤੇ ਨਹੀਂ ਲੈ ਰਹੇ ਸਗੋਂ ‘ਮੇਲ'(ਮੇਲ-ਮਿਲਾਪ) ਦੇ ਤੌਰ ‘ਤੇ ਲੈ ਰਹੇ ਹਨ। ਪੰਜਾਬ ਦੀ ਜੇਤੂ ਸੁਰ ਵਾਲੇ ਇਸ ਸੰਘਰਸ਼ ਨੇ ਕਿਸਾਨ ਦੀ ਪੱਗ ਮੋੜ ਲਿਆਂਦੀ ਹੈ।
ਪੰਜਾਬ ਇਸ ਵਿੱਚ ਸਾਰੇ ਦੇਸ਼ ਦੇ ਕਿਸਾਨਾਂ ਦੀ ਅਗਵਾਈ ਕਰ ਰਿਹਾ ਹੈ। ਇਹ ਲੜਾਈ ਸਿਰਫ਼ ਦਿਮਾਗ ਨਾਲ ਹੀ ਨਹੀਂ ਸਗੋਂ ਰੂਹ ਨਾਲ ਲੜੀ ਜਾ ਰਹੀ ਹੈ। ਇਸ ਦੀਆਂ ਪ੍ਰਾਪਤੀਆਂ ਬਾਅਦ ਵਿੱਚ ਸਾਹਮਣੇ ਆਉਣਗੀਆਂ, ਜਿਹਨਾ ਦਾ ਪ੍ਰਭਾਵ ਮੁਹੱਬਤੀ ਸਿਆਸੀ ਸਮੀਕਰਨਾਂ ਸਿਰਜਣ ਵਲ ਤੁਰੇ ਕਿਸਾਨੀ ਸਭਿਆਚਾਰ ਮੱਧ ਵਰਗੀ ਸੋਚ ਹੈ ਜਿਹੜੀ ਕਿ ਹਮੇਸ਼ਾ ਵਿਚਕਾਰਲਾ ਰਸਤਾ ਅਖਤਿਆਰ ਕਰਦੀ ਆਈ ਹੈ। ਇਸ ਸੋਚ ਵਿੱਚ ਅਮੀਰੀ-ਗਰੀਬੀ ਦਾ ਸਭਿਆਚਾਰਕ ਫ਼ਾਸਲਾ ਘੱਟਦਾ ਜਾਂਦਾ ਹੈ। ਇਹ ਉਲਾਰ ਸੋਚ ਨਹੀਂ ਹੈ। ਹੁਣ ਦਾ ਸੰਘਰਸ਼ ਵੀ ਬੈਲਿੰਸਡ ਵਰਤਾਰਾ ਹੈ ਜੋ ਕਿ ਸ਼ਾਤਮਈ ਢੰਗ ਨਾਲ ਚਲ ਰਿਹਾ ਹੈ। ਇਸ ਦੀ ਕਾਮਯਾਬੀ ਵੀ ਇੱਕ ਸਭਿਆਚਾਰਕ ਲੋੜ ਹੈ, ਕਿਉਂਕਿ ਇਸ ਦਾ ਏਜੰਡਾ ਦਿਮਾਗ ਨੇ ਨਹੀਂ ਸਗੋਂ ਰੂਹ ਨੇ ਘੜਿਆ ਹੈ।
ਸਾਂਝੇ ਅਜੰਡੇ ਤੇ ਲੜਿਆ ਜਾ ਰਿਹਾ ਸੰਘਰਸ਼ ਚੜ੍ਹਦੀ ਕਲਾ ਵਾਲਾ ਹੈ ਅਤੇ ਸਿਆਸੀ ਪਾਰਟੀਆਂ ਸਾਰਾ ਸੰਘਰਸ਼ ਸਾਂਤਮਈ ਅਤੇ ਸਰਬਸਾਂਝਾ ਹੈ ਇਸ ਨੇ ਗੁਰਦੁਆਰਾ ਲਹਿਰ ਦੀ ਤਰ੍ਹਾਂ ਸਭ ਵਰਗਾਂ ਨੂੰ ਇਕੱਠਾ ਕਰ ਦਿੱਤਾ ਹੈ। ਇਹ ਸਿਆਸੀ ਪਾਰਟੀਆਂ ਲਈ ਇੱਕ ਸਬਕ ਹੈ। ਇੱਕ ਮੁਹੱਬਤੀ ਰਾਜਨੀਤੀ ਪੈਦਾ ਹੋਣ ਲਈ ਪਲੇਟਫਾਰਮ ਬਣ ਸਕਦਾ ਹੈ। ਉਨ੍ਹਾਂ ਇਹ ਵੀ ਆਸ ਪ੍ਰਗਟ ਕੀਤੀ ਕਿ ਇਸੇ ਦੇ ਸਿੱਟੇ ਪੰਜਾਬ ਦਾ ਨਾਮ ਉੱਚਾ ਕਰਨਗੇ। ਇਸ ਵਿਚਾਰ ਚਰਚਾ ਵਿੱਚ ਸ਼ਾਮਲ ਡਾ: ਐਸ.ਪੀ. ਸਿੰਘ ਅਤੇ ਡਾ: ਹਰਜਿੰਦਰ ਵਾਲੀਆ ਨੇ ਕਿਹਾ ਕਿ ਇਹ ਲਹਿਰ ਨਵੀ ਲੀਡਰਸ਼ਿਪ ਪੈਦਾ ਕਰਨ ਦੇ ਸਮਰੱਥ ਹੈ। ਇਹ ਰਾਜਸੀ ਪਾਰਟੀਆਂ ਦੇ ਆਪਸੀ ਗੈਪ ਨੂੰ ਪ੍ਰਭਾਵਤ ਕਰੇਗੀ। ਇਸ ਨੂੰ ਘੱਟ ਕਰੇਗੀ। ਇਸ ਲਹਿਰ ਦਾ ਵਧੀਆ ਪੱਖ ਇਹ ਹੈ ਕਿ ਇਥੇ ਕਿਸੇ ਵੀ ਸਿਆਸੀ ਪਾਰਟੀ ਨੂੰ ਅੱਗੇ ਨਹੀਂ ਆਉਣ ਦਿੱਤਾ ਗਿਆ। ਸਿਆਸੀ ਪਾਰਟੀਆਂ ਇਹਨਾ ਦੇ ਅਜੰਡੇ ਤੇ ਵਰਤਾਰੇ ਨੂੰ ਪ੍ਰਭਾਵਤ ਨਹੀਂ ਕਰ ਸਕੀਆਂ। ਪੰਜਾਬ ਨੂੰ ‘ਉੜਤਾ ਪੰਜਾਬ’ ਕਹਿਣ ਵਾਲਿਆਂ ਲਈ ਕਰਾਰਾ ਜਵਾਬ ਬਣ ਕੇ ਪੇਸ਼ ਹੋਇਆ ਹੈ।
ਇਸ ਲਹਿਰ ਨੇ ਗਾਂਧੀ ਦੀ ਨਾ ਮਿਲਵਰਤਨ ਦੀ ਲਹਿਰ ਦੀ ਯਾਦ ਤਾਜ਼ਾ ਕਰ ਦਿੱਤੀ ਹੈ। ਇਸ ਦੀ ਵਾਗਡੋਰ ਸੁਲਝੀ ਹੋਈ ਲੀਡਰਸ਼ਿਪ ਦੇ ਹੱਥਾਂ ਵਿੱਚ ਹੈ। ਇਸੇ ਤਰ੍ਹਾਂ ਡਾ: ਆਸਾ ਸਿੰਘ ਘੁੰਮਣ ਅਤੇ ਮਲਵਿੰਦਰ ਸਿੰਘ ਮਾਲੀ ਨੇ ਕਿਹਾ ਕਿ ਅੰਨਦਾਤਾ ਦੀ ਪਹਿਲਾ ਵਾਲੀ ਦਿੱਖ ਫਿਰ ਸਾਹਮਣੇ ਆਈ ਹੈ। ਇਸ ਲਹਿਰ ਨੇ ਫੈਡਰਲ ਢਾਂਚੇ ਦਾ ਮੁੱਦਾ ਫਿਰ ਉਭਾਰਿਆ ਹੈ। ਵਰਿੰਦਰ ਸ਼ਰਮਾ ਐਮ.ਪੀ. ਅਤੇ ਪ੍ਰੋ: ਰਣਜੀਤ ਧੀਰ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਇਸ ਲਈ ਇਹਨਾ ਕਾਨੂੰਨਾਂ ਤੋਂ ਡਰ ਵਾਜਿਬ ਹੈ। ਕਿਸਾਨ ਨੇਤਾਵਾਂ ਨੇ ਪੂਰੀ ਪ੍ਰਪੱਕਤਾ ਦਿਖਾਈ ਹੈ। ਡਾ: ਗਿਆਨ ਸਿੰਘ, ਡਾ: ਲਕਸ਼ਮੀ ਨਰਾਇਣ ਭੀਖੀ ਅਤੇ ਡਾ:ਨਰਿੰਦਰਜੀਤ ਸੋਢੀ ਨੇ ਆਖਿਆ ਕਿ ਇਹ ਸੰਘਰਸ਼ ਆਰਥਿਕ ਸੁਧਾਰ ਲਈ ਹੈ। ਆਰਥਿਕ ਵਿਕਾਸ ਮਾਡਲ ਨੂੰ ਸੋਧਣ ਦੀ ਲੋੜ ਹੈ। ਲਹਿਰ ਨੇ ਜਨਤਕ ਲਹਿਰ ਦਾ ਰੂਪ ਧਾਰਨ ਕੀਤਾ ਹੈ। ਐਡਵੋਕੇਟ ਐਸ.ਐਲ. ਵਿਰਦੀ ਨੇ ਵਿਚਾਰ ਦਿੱਤਾ ਕਿ ਇਹ ਲਹਿਰ ਪੰਜਾਬ ਤੋਂ ਸ਼ੁਰੂ ਹੋ ਕੇ ਸਾਰੇ ਦੇਸ਼ ਦਾ ਸੰਘਰਸ਼ ਬਣ ਗਿਆ ਹੈ। ਕੇਹਰ ਸ਼ਰੀਫ, ਰਵਿੰਦਰ ਸਹਿਰਾਅ ਅਤੇ ਜਗਦੀਪ ਕਾਹਲੋਂ ਅਨੁਸਾਰ ਇਹ ਗਲਤ ਸਿਆਸਤ ਖ਼ਿਲਾਫ ਨਾਬਰੀ ਦਾ ਘੋਲ ਹੈ। ਹੁਣ ਪੰਜਾਬ ਉੜਤਾ ਨਹੀਂ ਸਗੋਂ ਪੰਜਾਬ ਜੁੜਤਾ ਹੈ। ਸਾਰੇ ਦੇਸ਼ ਨੂੰ ਜੋੜ ਰਿਹਾ ਹੈ। ਨੌਜਵਾਨਾਂ ਨੇ ਇਸ ਵਿੱਚ ਬਹੁਤ ਹੀ ਹਾਂ-ਪੱਖੀ ਰੋਲ ਅਦਾ ਕੀਤਾ ਹੈ। ਬਿਅੰਤ ਕੌਰ ਗਿੱਲ ਨੇ ਕਿਹਾ ਕਿ ਇਸ ਸੰਘਰਸ਼ ਤੋਂ ਏਕਤਾ ਦੀ ਪ੍ਰਾਪਤੀ ਵੀ ਹੋਈ ਹੈ। ਡਾ: ਬਲਕਾਰ ਸਿੰਘ ਨੇ ਉੱਠੇ ਸਵਾਲਾਂ ਦੇ ਜਵਾਬ ਵਿਸਥਾਰਪੂਰਵਕ ਦਿੱਤੇ ਅਤੇ ਗਿਆਨ ਸਿੰਘ ਡੀਪੀਆਰਓ ਨੇ ਸਭ ਦਾ ਧੰਨਵਾਦ ਕੀਤਾ।
ਹੋਰਾਂ ਤੋਂ ਇਲਾਵਾਂ ਇਸ ਵੈਬੀਨਾਰ ਵਿੱਚ ਰਵਿੰਦਰ ਚੋਟ, ਵਰਿੰਦਰ ਸ਼ਰਮਾ ਐਮ.ਪੀ. ਯੂਕੇ, ਰਣਜੀਤ ਧੀਰ ਯੂਕੇ, ਹਰਜਿੰਦਰ ਵਾਲੀਆ, ਗੁਰਦੀਪ ਬੰਗੜ, ਡਾ: ਆਸਾ ਸਿੰਘ ਘੁੰਮਣ, ਡਾ: ਐਸ.ਐਲ. ਵਿਰਦੀ, ਬੰਸੋ ਦੇਵੀ, ਬਿਅੰਤ ਕੌਰ ਗਿੱਲ ਆਦਿ ਨੇ ਭਾਗ ਲਿਆ। ਪਰਵਿੰਦਰ ਜੀਤ ਸਿੰਘ ਨੇ ਇਸ ਵੈਬੀਨਾਰ ਵਿੱਚ ਤਕਨੀਕੀ ਹੋਸਟ ਦੀ ਜ਼ਿੰਮੇਵਾਰੀ ਨਿਭਾਈ।