ਆਕਲੈਂਡ: ਪੰਜਾਬ ਦੇ ਕਿਸਾਨਾਂ ਦੀ ਅਗਵਾਈ ‘ਚ ਦਿੱਲੀ ਦੇ ਬਾਰਡਰਾਂ ‘ਤੇ ਲੱਗੇ ਮੋਰਚੇ ਵਿੱਚ ਜਿੱਥੇ ਵੱਖ-ਵੱਖ ਧਰਮਾਂ, ਕਿੱਤਿਆਂ ਨਾਲ ਸੰਬੰਧਿਤ ਲੋਕ ਆਪਣਾ ਬਾਖੂਬੀ ਫ਼ਰਜ ਨਿਭਾਅ ਰਹੇ ਹਨ, ਉੱਥੇ ਪੂਰੀ ਦੁਨੀਆਂ ਵਿੱਚ ਵੱਸਦੇ ਪੰਜਾਬੀਆਂ ਵੱਲੋਂ ਵੱਖ-ਵੱਖ ਮੁਲਖਾਂ ਵਿੱਚ ਕੇਂਦਰੀ ਦੀ ਮੋਦੀ ਸਰਕਾਰ ਦੇ ਖਿਲਾਫ ਸ਼ਾਂਤਮਈ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਇਸੇ ਤਹਿਤ ਨਿਊਜ਼ੀਲੈਂਡ ਵਿੱਚ ਵੱਸਦੇ ਪੰਜਾਬੀ ਲੋਕਾਂ ਨੇ ਬੀਤੇ ਦਿਨੀਂ ਆਕਲੈਂਡ ਵਿਖੇ ਇਕੱਠੇ ਹੋ ਕੇ ਸ਼ਾਂਤਮਈ ਪ੍ਰਦਰਸ਼ਨ ਕੀਤਾ। ਨੌਜਵਾਨਾਂ ਨੇ ਹੱਥਾਂ ਵਿੱਚ ਤਖਤੀਆਂ ਫੜ ਕੇ ਉੁੱਥੋਂ ਦੇ ਵਸਨੀਕਾਂ ਅਤੇ ਆਪਣੀ ਸਰਕਾਰ ਨੂੰ ਪੰਜਾਬ ਅਤੇ ਭਾਰਤ ਦੇ ਕਿਸਾਨਾਂ ਨਾਲ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਤੋਂ ਜਾਣੂ ਕਰਵਾਇਆ।
ਇਸ ਮੌਕੇ ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਗੁੰਮਟੀ ਖੁਰਦ(ਸੇਵੇਵਾਲਾ) ਦੇ ਵਸਨੀਕ ਅਤੇ ਨਿਊਜ਼ੀਲੈਂਡ ਦੇ ਪਰਮਾਨੈਂਟ ਰੈਜੀਡੈਂਟ ਕੁਲਦੀਪ ਸਿੰਘ ਭੁੱਲਰ ਨੇ ਭਾਰਤ ਦੀ ਕੇਂਦਰ ਸਰਕਾਰ ਉੱਪਰ ਵਰ੍ਹਦਿਆਂ ਕਿਹਾ ਕਿ ਇਹ ਸਰਕਾਰ ਅੰਬਾਨੀਆਂ ਅਤੇ ਅਡਾਨੀਆਂ ਦੀ ਰਖੈਲ ਬਣ ਚੁੱਕੀ ਹੈ। ਦੇਸ਼ ਦਾ ਕਿਸਾਨ ਠੰਡ ਵਿੱਚ ਦਿੱਲੀ ਦੀਆਂ ਸੜਕਾਂ ਉੱਪਰ ਰੁਲ ਰਿਹਾ ਹੈ। ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਨੇ ਹੀ ਦੇਸ਼ ਵਿੱਚ ਹਰੀ ਕ੍ਰਾਂਤੀ ਲਿਆਂਦੀ ਸੀ। ਉਹਨਾਂ ਕਿਹਾ ਕਿ ਭਾਵੇਂ ਹਰੀ ਕ੍ਰਾਂਤੀ ਦੇ ਨਾਮ ਉੱਪਰ ਵਰਤੀਆਂ ਗਈਆਂ ਬੇਲਗਾਮ ਰੇਹਾਂ ਸਪਰੇਆਂ ਦੀ ਵਰਤੋਂ ਨਾਲ ਸਾਡੇ ਮਾਲਵੇ ਦੇ ਇਕੱਲੇ ਇਕੱਲੇ ਘਰ ਵਿੱਚ ਕੈਂਸਰ ਆ ਗਿਆ, ਪਰ ਅਸੀਂ ਦੇਸ਼ ਦੇ ਹੱਥੋਂ ਉਹ ਠੂਠਾ ਸੁਟਵਾ ਦਿੱਤਾ ਜੋ ਅੰਨ ਮੰਗਣ ਲਈ ਸਾਡਾ ਮੁਲਖ ਵਿਦੇਸ਼ਾਂ ਅੱਗੇ ਅੱਡਦਾ ਸੀ।